ਅੰਮ੍ਰਿਤਸਰ : ਭਾਰਤ ਸਰਕਾਰ ਦੇ ਅਦਾਰੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਅੱਜ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਖੇ ''ਮੈਗਾ ਪ੍ਰਾਪਰਟੀ ਐਕਸਪੋ' ਦਾ ਆਯੋਜਨ ਕੀਤਾ ਗਿਆ। ਇਸ ਐਕਸਪੋ ਦਾ ਮਕਸਦ ਜਾਇਦਾਦ ਖਰੀਦਣ ਦੇ ਇੱਛੁਕ ਲੋਕਾਂ ਅਤੇ ਨਿਵੇਸ਼ਕਾਂ ਨੂੰ ਇੱਕੋ ਛੱਤ ਹੇਠ ਪਾਰਦਰਸ਼ੀ ਜਾਣਕਾਰੀ, ਬੈਂਕਿੰਗ ਸਹੂਲਤਾਂ ਅਤੇ ਈ-ਪ੍ਰਾਪਰਟੀ ਨੀਲਾਮੀ ਨਾਲ ਜੁੜੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ।ਐਕਸਪੋ ਦੌਰਾਨ ਬੈਂਕ ਵੱਲੋਂ ਸੂਚੀਬੱਧ ਪ੍ਰਾਈਮ ਲੋਕੇਸ਼ਨਾਂ 'ਤੇ ਸਥਿਤ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖਰੀਦਦਾਰਾਂ ਲਈ ਲਾਈਵ ਈ-ਵਿਊਇੰਗ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ, ਜਿਸ ਰਾਹੀਂ ਉਹ ਜਾਇਦਾਦਾਂ ਨੂੰ ਆਨਲਾਈਨ ਦੇਖ ਕੇ ਉਨ੍ਹਾਂ ਦੀ ਸਥਿਤੀ ਅਤੇ ਹੋਰ ਵੇਰਵਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਬੈਂਕ ਦੇ ਮਾਹਿਰ ਅਧਿਕਾਰੀ ਮੌਕੇ 'ਤੇ ਮੌਜੂਦ ਰਹਿ ਕੇ ਜਾਇਦਾਦ ਦੀ ਖਰੀਦ, ਈ-ਨੀਲਾਮੀ ਦੀ ਪ੍ਰਕਿਰਿਆ, ਹੋਮ ਲੋਨ, ਵਪਾਰਕ ਕਰਜ਼ਿਆਂ ਅਤੇ ਹੋਰ ਬੈਂਕਿੰਗ ਸਹੂਲਤਾਂ ਸਬੰਧੀ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੈਗਾ ਪ੍ਰਾਪਰਟੀ ਐਕਸਪੋ ਰਾਹੀਂ ਆਮ ਲੋਕਾਂ ਲਈ ਜਾਇਦਾਦ ਖਰੀਦਣ ਅਤੇ ਉਸ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਬੈਂਕ ਦਾ ਉਦੇਸ਼ ਗਾਹਕਾਂ ਨਾਲ ਭਰੋਸੇਯੋਗ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਸੁਰੱਖਿਅਤ, ਪਾਰਦਰਸ਼ੀ ਅਤੇ ਸੁਵਿਧਾਜਨਕ ਢੰਗ ਨਾਲ ਜਾਇਦਾਦ ਖਰੀਦਣ ਦਾ ਮੌਕਾ ਪ੍ਰਦਾਨ ਕਰਨਾ ਹੈ। ਬੈਂਕ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਐਕਸਪੋ ਦਾ ਲਾਭ ਉਠਾਉਣ ਅਤੇ ਈ-ਪ੍ਰਾਪਰਟੀ ਨੀਲਾਮੀ ਵਿੱਚ ਭਾਗ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਸੀਨੀਅਰ ਮੈਨੇਜਰ ਹਰਕੀਰਤ ਸਿੰਘ ਬਜਾਜ ਮਨੀਸ਼ ਕੁਮਾਰ ਪੀਆਰਓ ਮੋਹਿਤ ਅਰੋੜਾ ਮੈਨੇਜਰ ਗੁਰਪ੍ਰੀਤ ਸਿੰਘ ਰੀਕਵਰੀ ਅਧਿਕਾਰੀ ਹਰਮੀਤ ਸਿੰਘ ਸਮੇਤ ਕਈ ਸਟਾਫ ਮੈਂਬਰ ਹਾਜਰ ਸਨ।