ਪਟਿਆਲਾ : ਪੰਜਾਬ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ (ਪੀ.ਐਸ.ਐਚ.ਆਰ.ਸੀ.) ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਅੱਜ ਪਾਤੜਾਂ ਦੇ ਕਿਰਤੀ ਕਾਲਜ ਵਿਖੇ ਮਨੁੱਖੀ ਅਧਿਕਾਰ ਜਾਗਰੂਕਤਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਖੁੱਲ੍ਹੀ ਸੁਣਵਾਈ ਕੈਂਪ ਲਗਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮੁੱਖ ਉਦੇਸ਼ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ, ਜਾਗਰੂਕਤਾ ਅਤੇ ਪੀੜਤਾਂ ਨੂੰ ਸਮੇਂ ਸਿਰ ਨਿਆਂ ਦਿਵਾਉਣਾ ਹੈ। ਇਸੇ ਮੰਤਵ ਨਾਲ ਕਮਿਸ਼ਨ ਦੀ ਪਹੁੰਚ ਰਾਜ ਦੇ ਹਰ ਘਰ ਤੱਕ ਬਣਾਈ ਜਾ ਰਹੀ ਹੈ। ਪਦਮਸ਼੍ਰੀ ਸ਼ੰਟੀ ਨੇ ਦੱਸਿਆ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਰ ਗਰੁੱਪਾਂ ਦਾ ਗਠਨ ਕੀਤਾ ਹੈ, ਜਿਨ੍ਹਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਪੀੜਤਾਂ ਦੀ ਮਦਦ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਮਨੁੱਖੀ ਅਧਿਕਾਰ ਕਮਿਸ਼ਨ ਬਣ ਗਿਆ ਹੈ ਜਿਸ ਨੇ ਹਰ ਜ਼ਿਲ੍ਹੇ ਵਿੱਚ ਕੋਰ ਗਰੁੱਪ ਸਥਾਪਿਤ ਕੀਤੇ ਹਨ। ਹਰ ਹਸਪਤਾਲ ਵਿੱਚ ਢੁਕਵੀਂ ਮੁਰਦਾਘਰ ਸਹੂਲਤ ਅਤੇ ਐਂਬੂਲੈਂਸ ਸੇਵਾ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਲਾਵਾਰਿਸ ਜਾਂ ਆਰਥਿਕ ਤੌਰ 'ਤੇ ਕਮਜ਼ੋਰ ਵਿਅਕਤੀਆਂ ਦੇ ਸਸਕਾਰ ਜਾਂ ਦਫ਼ਨਾਉਣ ਲਈ ਸਹਾਇਤਾ ਯਕੀਨੀ ਬਣਾਉਣ, ਪਿੰਡਾਂ ਵਿੱਚ ਮੋਰਚਰੀ ਬਾਕਸ ਉਪਲਬਧ ਕਰਵਾਉਣ, ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਉਪਕਰਨ, ਜੁੱਤੇ, ਦਸਤਾਨੇ, ਸੈਨੇਟਾਈਜ਼ਰ ਅਤੇ ਬੀਮਾ ਸੁਰੱਖਿਆ ਮੁਹੱਈਆ ਕਰਵਾਉਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਹਾਲਾਤਾਂ ਵਿੱਚ 112 'ਤੇ ਸੂਚਨਾ ਮਿਲਣ ਉਪਰੰਤ ਗੰਭੀਰ ਮਰੀਜ਼ਾਂ ਦੀਆਂ ਐਂਬੂਲੈਂਸਾਂ ਨੂੰ ਹਸਪਤਾਲ ਤੱਕ ਤੁਰੰਤ ਪਹੁੰਚਾਉਣ ਲਈ ਪੁਲਿਸ ਪਾਇਲਟ ਸਹੂਲਤ ਦੇਣ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।