ਪਾਤੜਾਂ, 11 ਜੁਲਾਈ : ਪੰਜਾਬ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਸਰਕਾਰੀ ਕਿਰਤੀ ਕਾਲਜ ਨਿਆਲ ਵਿਖੇ ਮਨੁੱਖੀ ਅਧਿਕਾਰ ਜਾਗਰੂਕਤਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਖੁੱਲ੍ਹੀ ਸੁਣਵਾਈ ਕੈਂਪ ਲਗਾਇਆ। ਇਸ ਦੌਰਾਨ ਉਨ੍ਹਾਂ ਕਮਿਸ਼ਨ ਦੇ ਮੁੱਖ ਉਦੇਸ਼ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ, ਜਾਗਰੂਕਤਾ ਅਤੇ ਪੀੜਤਾਂ ਨੂੰ ਸਮੇਂ ਸਿਰ ਨਿਆਂ ਦਿਵਾਉਣ ਦੇ ਮੰਤਵ ਨਾਲ ਕਮਿਸ਼ਨ ਦੀ ਪਹੁੰਚ ਰਾਜ ਦੇ ਹਰ ਘਰ ਤੱਕ ਬਣਾਏ ਜਾਣ ਦਾ ਦਾਅਵਾ ਕੀਤਾ। ਇਸ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਕਮਿਸ਼ਨ ਦਾ ਵਟਸਐਪ ਨੰਬਰ 9855475547 ਜਾਰੀ ਕਰਦਿਆਂ ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਲਿਖਤੀ ਸ਼ਿਕਾਇਤ ਇਸ ਨੰਬਰ 'ਤੇ ਭੇਜ ਸਕਦਾ ਹੈ, ਜਿਸ 'ਤੇ ਦੋ ਦਿਨਾਂ ਦੇ ਅੰਦਰ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਕੈਂਪ ਦੌਰਾਨ ਪਦਮਸ਼੍ਰੀ ਸ਼ੰਟੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਸਥਾਰਪੂਰਵਕ ਮੀਟਿੰਗ ਕਰਕੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ। ਉਹਨਾਂ ਦੱਸਿਆ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਰ ਗਰੁੱਪਾਂ ਦਾ ਗਠਨ ਕੀਤਾ ਹੈ, ਜਿਨ੍ਹਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਪੀੜਤਾਂ ਦੀ ਮਦਦ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਮਨੁੱਖੀ ਅਧਿਕਾਰ ਕਮਿਸ਼ਨ ਬਣ ਗਿਆ ਹੈ ਜਿਸ ਨੇ ਹਰ ਜ਼ਿਲ੍ਹੇ ਵਿੱਚ ਕੋਰ ਗਰੁੱਪ ਸਥਾਪਿਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਹਾਲਾਤਾਂ ਵਿੱਚ 112 'ਤੇ ਸੂਚਨਾ ਮਿਲਣ ਉਪਰੰਤ ਗੰਭੀਰ ਮਰੀਜ਼ਾਂ ਦੀਆਂ ਐਂਬੂਲੈਂਸਾਂ ਨੂੰ ਹਸਪਤਾਲ ਤੱਕ ਤੁਰੰਤ ਪਹੁੰਚਾਉਣ ਲਈ ਪੁਲਿਸ ਪਾਇਲਟ ਸਹੂਲਤ ਦੇਣ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਕੈਂਪ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ, ਐਸਡੀਐਮ ਪਾਤੜਾਂ ਕਾਲਾ ਰਾਮ ਕਾਂਸਲ, ਸਿਵਲ ਸਰਜਨ ਡਾ ਸ਼ੈਲੀ ਜੇਟਲੀ, ਐਸਪੀ ਜਸਬੀਰ ਸਿੰਘ, ਡੀਐੱਸਪੀ ਪਾਤੜਾਂ ਗੁਰਦੀਪ ਸਿੰਘ, ਤਹਿਸੀਲਦਾਰ ਹਰਸਿਮਰਨ ਸਿੰਘ ਤੋਂ ਇਲਾਵਾ ਪੁਲਿਸ ਵਿਭਾਗ, ਸਮਾਜਿਕ ਸੁਰੱਖਿਆ, ਫੂਡ ਸਪਲਾਈ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਐਨਜੀਓਜ਼ ਦੇ ਨੁਮਾਇੰਦੇ ਮੌਜੂਦ ਸਨ।