ਸੁਨਾਮ : ਪੰਜਾਬ ਸਰਕਾਰ ਵੱਲੋਂ ਗਿਣਾਈਆਂ ਜਾ ਰਹੀਆਂ ਆਪਣੀਆਂ ਪ੍ਰਾਪਤੀਆਂ ਨੂੰ ਝੂਠੀਆਂ ਆਖਦੇ ਹੋਏ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਸਰਕਾਰ ਦੇ ਬਰਾਬਰ ਆਪਣੀ ਸੱਥ ਲਾਉਣ ਦੀ ਮੁਹਿੰਮ ਵਿੱਢੀ ਮੁਹਿੰਮ ਤਹਿਤ ਐਤਵਾਰ ਨੂੰ ਸੁਨਾਮ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਸੱਥ ਲਗਾਕੇ ਸਰਕਾਰ ਨੂੰ ਘੇਰਿਆ। ਉਹਨਾਂ ਬਕਾਇਦਾ ਮੰਤਰੀ ਅਮਨ ਅਰੋੜਾ ਲਈ ਕੁਰਸੀ ਰੱਖੀ ਹੋਈ ਸੀ। ਬੇਰੁਜ਼ਗਾਰਾਂ ਦਾ ਆਖਣਾ ਹੈ ਕਿ ਪੰਜਾਬ ਸਰਕਾਰ ਨੇ ਲੈਕਚਰਾਰ ਦੀਆਂ 343 ਅਸਾਮੀਆਂ ਰੱਦ ਕਰਕੇ ਸਵਾ ਚਾਰ ਸਾਲਾਂ ਬਾਅਦ ਮਹਿਜ਼ 1013 ਅਸਾਮੀਆਂ ਜਾਰੀ ਕੀਤੀਆਂ ਹਨ, ਪ੍ਰੰਤੂ ਇਹਨਾ ਵਿੱਚ ਰਾਖਵੀਆਂ ਸ੍ਰੇਣੀਆਂ ਨਾਲ ਧੋਖਾ ਕੀਤਾ ਗਿਆ ਹੈ ,ਉਹਨਾਂ ਦੇ ਕੁਝ ਵਿਸ਼ਿਆਂ ਵਿਚ ਇਕ ਵੀ ਅਸਾਮੀ ਨਹੀਂ ਦਿੱਤੀ। ਬੇਰੁਜ਼ਗਾਰਾਂ ਨੇ ਯੂਨੀਅਨ ਆਗੂ ਮੁਨੀਸ਼ ਫਾਜ਼ਿਲਕਾ ਨੂੰ ਨਜ਼ਰਬੰਦ ਕਰਨ,ਸੁਖਵਿੰਦਰ ਸਿੰਘ ਢਿੱਲਵਾਂ ਨੂੰ ਥਾਣੇ ਡੱਕਣ ਅਤੇ ਰਮਨ ਕੁਮਾਰ ਦੇ ਘਰ ਛਾਪੇਮਾਰੀ ਕਰਨ ਦੀ ਨਿਖੇਧੀ ਕੀਤੀ ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋ ਰੱਦ ਕੀਤਾ ਜਾਵੇ, ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ, ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ ਅਤੇ ਸਿੱਖਿਆ ਵਿਭਾਗ ਵਿੱਚ ਸਰੀਰਕ ਸਿੱਖਿਆ ਦੇ ਮਾਸਟਰ ਅਤੇ ਲੈਕਚਰਾਰ ਭਰਤੀ ਕੀਤੇ ਜਾਣ। ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰਾਂ ਦੀ ਮੀਟਿੰਗ ਮੁੱਖ ਮੰਤਰੀ ਦੇ ਦਫਤਰ ਚੰਡੀਗੜ੍ਹ ਵਿਖੇ 8 ਜੁਲਾਈ ਲਈ ਨਿਸ਼ਚਿਤ ਕਰਵਾਈ ਗਈ।