ਸਮਾਣਾ : ਸਮਾਣਾ ਦੀ ਪੁਰਾਣੀ ਸਟੇਟ ਬੈਂਕ ਗਲੀ ਵਿੱਚ ਰਹਿਣ ਵਾਲੇ ਅਰਵਿੰਦਰ ਕੁਮਾਰ (27), ਪੁੱਤਰ ਕਮਲੇਸ਼ ਕੁਮਾਰ ਦੀ ਇੰਗਲੈਂਡ ਵਿੱਚ ਬ੍ਰੇਨ ਅਟੈਕ (ਦਿਮਾਗੀ ਦੌਰਾ) ਪੈਣ ਕਾਰਨ ਅਚਾਨਕ ਮੌਤ ਹੋ ਜਾਣ ਦਾ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਮੰਦਭਾਗੀ ਖ਼ਬਰ ਦੇ ਸਾਂਝੇ ਹੁੰਦਿਆਂ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਅਰਵਿੰਦਰ ਕੁਮਾਰ ਕਰੀਬ ਤਿੰਨ ਸਾਲ ਪਹਿਲਾਂ ਰੋਜ਼ਗਾਰ ਦੀ ਭਾਲ ਵਿੱਚ ਇੰਗਲੈਂਡ ਗਿਆ ਸੀ। ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਬਹੁਤ ਕਮਜ਼ੋਰ ਹੈ, ਕਿਉਂਕਿ ਮ੍ਰਿਤਕ ਨੌਜਵਾਨ ਆਪਣੀ ਜੱਦੀ ਜਾਇਦਾਦ ਵੇਚ ਕੇ ਅਤੇ ਰਿਸ਼ਤੇਦਾਰਾਂ ਕੋਲੋਂ ਲਗਭਗ 25 ਲੱਖ ਰੁਪਏ ਉਧਾਰ ਚੁੱਕ ਕੇ ਵਿਦੇਸ਼ (ਇੰਗਲੈਂਡ) ਗਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਉਹ ਉੱਥੇ ਜਾ ਕੇ ਘਰ ਦੇ ਹਾਲਾਤ ਸੁਧਾਰੇਗਾ, ਪਰ ਕੁਦਰਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਬੁਢਾਪੇ ਦੇ ਇੱਕੋ-ਇੱਕ ਸਹਾਰੇ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਕਮਲੇਸ਼ ਕੁਮਾਰ ਨੇ ਭਾਰਤ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਪਰਿਵਾਰ ਦੀ ਆਰਥਿਕ ਅਤੇ ਪ੍ਰਸ਼ਾਸਨਿਕ ਮਦਦ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਆਪਣੀ ਮਿੱਟੀ ਵਿੱਚ ਕਰ ਸਕਣ।