ਖਨੌਰੀ : ਪੰਜਾਬ ਕੇਸਰੀ ਅਤੇ ਹਿਮਾਚਲ ਕੇਸਰੀ ਵਜੋਂ ਮਸ਼ਹੂਰ ਪਹਿਲਵਾਨ ਨਰੇਸ਼ ਕੁਮਾਰ ਬਨਾਰਸੀ ਨੇ ਅੱਜ ਮਿਤੀ 13ਜੂਨ ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਹੁਕਮ ਚੰਦ ਪਹਿਲਵਾਨ ਢਾਬੀ ਗੁਜਰਾਂ ਨੂੰ ਆਪਣਾ ਉਸਤਾਦ ਮੰਨਦੇ ਹੋਏ ਅਖਾੜਾ ਬਨਾਰਸੀ ਵਿੱਚ ਪਗੜੀ ਦੀ ਰਸਮ ਅਦਾ ਕੀਤੀ। ਇਸ ਮੌਕੇ ਅਖਾੜਾ ਬਨਾਰਸੀ ਵਿੱਚ ਵੱਡੀ ਗਿਣਤੀ ਵਿੱਚ ਪਹਿਲਵਾਨਾਂ ਅਤੇ ਖੇਡ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਸਮਾਗਮ ਦੀ ਸ਼ਾਨ ਵਿੱਚ ਵਾਧਾ ਕੀਤਾ। ਰਸਮ ਦੌਰਾਨ ਨਰੇਸ਼ ਕੁਮਾਰ ਬਨਾਰਸੀ ਨੇ ਰਵਾਇਤੀ ਰੀਤ ਅਨੁਸਾਰ ਹੁਕਮ ਚੰਦ ਪਹਿਲਵਾਨ ਨੂੰ ਆਪਣਾ ਉਸਤਾਦ ਸਵੀਕਾਰ ਕਰਦਿਆਂ ਉਨ੍ਹਾਂ ਪ੍ਰਤੀ ਸਤਿਕਾਰ ਅਤੇ ਸਮਰਪਣ ਦਾ ਪ੍ਰਗਟਾਵਾ ਕੀਤਾ।
ਸਮਾਗਮ ਦੌਰਾਨ ਹੁਕਮ ਚੰਦ ਪਹਿਲਵਾਨ ਨੇ ਨਰੇਸ਼ ਕੁਮਾਰ ਬਨਾਰਸੀ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਨੂੰ ਆਪਣਾ ਸਾਗਿਰਦ ਮੰਨਿਆ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਹਿਲਵਾਨੀ ਦੀ ਪਰੰਪਰਾ ਵਿੱਚ ਗੁਰੂ-ਚੇਲੇ ਦਾ ਰਿਸ਼ਤਾ ਬਹੁਤ ਮਹੱਤਵਪੂਰਨ ਹੁੰਦਾ ਹੈ, ਜੋ ਖਿਡਾਰੀ ਨੂੰ ਅਨੁਸ਼ਾਸਨ, ਮਿਹਨਤ ਅਤੇ ਉੱਚੇ ਆਦਰਸ਼ਾਂ ਨਾਲ ਜੋੜਦਾ ਹੈ। ਹਾਜ਼ਰ ਪਹਿਲਵਾਨਾਂ ਅਤੇ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਇਸ ਮੌਕੇ ਨੂੰ ਪਹਿਲਵਾਨੀ ਪਰੰਪਰਾ ਲਈ ਇੱਕ ਯਾਦਗਾਰ ਅਤੇ ਇਤਿਹਾਸਕ ਪਲ ਕਰਾਰ ਦਿੰਦਿਆਂ ਨਰੇਸ਼ ਕੁਮਾਰ ਬਨਾਰਸੀ ਅਤੇ ਹੁਕਮ ਚੰਦ ਪਹਿਲਵਾਨ ਨੂੰ ਵਧਾਈ ਦਿੱਤੀ। ਸਮਾਗਮ ਦਾ ਸਮਾਪਨ ਆਪਸੀ ਭਾਈਚਾਰੇ ਅਤੇ ਖੇਡ ਭਾਵਨਾ ਦੇ ਸੰਦੇਸ਼ ਨਾਲ ਹੋਇਆ।