ਖਨੌਰੀ : ਲੰਘੇ ਕਈ ਦਿਨਾਂ ਤੋਂ ਖਨੌਰੀ ਖੇਤਰ ਵਿੱਚ ਹੋ ਰਹੀਆਂ ਚੋਰੀ ਦੀਆਂ ਸਾਹਮਣੇ ਆ ਰਹੀਆਂ ਵਾਰਦਾਤਾਂ ਮਗਰੋ ਲੰਘੇ ਦਿਨ ਹੀ ਖਨੌਰੀ ਪੁਲਿਸ ਵੱਲੋਂ ਇੱਕ ਚੋਰ ਗਰੋਹ ਨੂੰ ਕਾਬੂ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਪਰ ਇਸ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਖਨੌਰੀ ਦੇ ਮੇਨ ਬਾਜ਼ਾਰ ਸਥਿਤ ਦੁਰਗਾ ਚੂੜੀ ਪੈਲਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਨਗਦੀ ਅਤੇ ਨੋਟਾਂ ਵਾਲੇ ਹਾਰ ਚੋਰੀ ਕਰ ਲਏ ਗਏ। ਇਸ ਸਬੰਧੀ ਦੁਕਾਨ ਦੇ ਮਾਲਕ ਨਿਤੇਸ਼ ਸਿੰਗਲਾ ਪੁੱਤਰ ਦੁਰਗਾ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ 1:27 ਵਜੇ ਚੋਰ ਦੁਕਾਨ ਦੀ ਤੀਜੀ ਮੰਜ਼ਿਲ ਉੱਤੇ ਲੱਗੀ ਵੈਂਟੀਲੇਸ਼ਨ ਦੀ ਜਾਲੀ ਤੋੜ ਕੇ ਅੰਦਰ ਦਾਖਲ ਹੋਏ। ਦੁਕਾਨ ਵਿੱਚ ਦਾਖਲ ਹੋਣ ਮਗਰੋਂ ਚੋਰਾਂ ਨੇ ਦੋਵੇਂ ਗੱਲੇ ਖੋਲ੍ਹ ਕੇ ਉਨ੍ਹਾਂ ਵਿੱਚ ਪਈ ਨਗਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਦੁਕਾਨ ਵਿੱਚ ਰੱਖਿਆ ਨਗਦੀ ਵਾਲਾ ਪਰਸ ਅਤੇ ਨਵੀਂ ਕਰੰਸੀ ਦੇ ਨੋਟਾਂ ਨਾਲ ਤਿਆਰ ਕੀਤੇ ਵੱਡੀ ਗਿਣਤੀ ਹਾਰ ਵੀ ਆਪਣੇ ਨਾਲ ਲੈ ਗਏ। ਦੁਕਾਨਦਾਰ ਨੇ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਬਾਰੇ ਉਨ੍ਹਾਂ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਖੋਲ੍ਹਣ ਲਈ ਪਹੁੰਚੇ। ਅੰਦਰ ਦਾ ਸਮਾਨ ਖਿਲਰਿਆ ਹੋਇਆ ਦੇਖਣ ਉਪਰੰਤ ਉਨ੍ਹਾਂ ਨੇ ਦੁਕਾਨ ਦੇ ਗਲੇ ਟੁੱਟੇ ਹੋਏ ਦੇਖੇ ਤਾਂ ਚੋਰੀ ਦਾ ਖੁਲਾਸਾ ਹੋਇਆ। ਉਨ੍ਹਾਂ ਤੁਰੰਤ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਨਿਤੇਸ਼ ਕੁਮਾਰ ਅਨੁਸਾਰ ਦੁਕਾਨ ਵਿੱਚ ਹੋਏ ਕੁੱਲ ਨੁਕਸਾਨ ਦਾ ਅਜੇ ਤੱਕ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਹੈ ਅਤੇ ਸਾਰੇ ਹਿਸਾਬ-ਕਿਤਾਬ ਦੀ ਜਾਂਚ ਤੋਂ ਬਾਅਦ ਹੀ ਨੁਕਸਾਨ ਦੀ ਅਸਲ ਰਕਮ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ।