ਦੇਵੀਗੜ੍ਹ : ਇੰਡੀਅਨ ਫਾਰਮਰਜ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਅੱਜ ਇੱਥੇ ਲਿਖਤੀ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜੋ ਕਿਸਾਨਾਂ ਦੀ ਖੇਤੀ ਲਈ ਯੂਰੀਆ ਖਾਦ ਉੱਤੇ ਸਬਸਿਡੀ ਦਿੱਤੀ ਜਾ ਰਹੀ ਹੈ ਉਸ ਦੀ ਦੁਰਵਰਤੋਂ ਪਸ਼ੂਆਂ ਦੀ ਫੀਡ ਵਿੱਚ ਕੁਝ ਫੀਡ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਹੈ ਜਿਸ ਦਾ ਕਿਸਾਨ ਜਥੇਬੰਦੀ ਨੂੰ ਪਤਾ ਲੱਗਣ ਤੇ ਪਸ਼ੂ ਵਿਭਾਗ ਅਤੇ ਡੇਅਰੀ ਵਿਭਾਗ ਦੇ ਸਬੰਧਤ ਅਫਸਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਇਹ ਕਹਿ ਕਿ ਪੱਲਾ ਝਾੜ ਲਿਆ ਕਿ ਸੈਂਪਲ ਭਰਨ ਅਤੇ ਚੈਕਿੰਗ ਕਰਨ ਦੇ ਸਾਡੇ ਕੋਲ ਅਧਿਕਾਰ ਨਹੀਂ ਹਨ ਸ੍ਰ ਬਹਿਰੂ ਨੇ ਇਹ ਵੀ ਦੱਸਿਆ ਕਿ ਪਟਿਆਲਾ ਜਿਲ੍ਹੇ ਵਿੱਚ ਪੈਂਦੀ ਸ੍ਰੀ ਕਿ੍ਸ਼ਨਾ ਕਿਰਪਾ ਇੰਡਸਟਰੀਜ਼, ਧਬਲਾਨ ਰੋਡ ਦੇ ਖਿਲਾਫ ਮੁੱਖ ਖੇਤੀਬਾੜੀ ਅਫਸਰ ਪਟਿਆਲ਼ਾ ਵੱਲੋਂ ਥਾਣਾ ਬਖਸ਼ੀਵਾਲਾ ਵਿਖੇ ਮੁਕੱਦਮਾ ਨੰ. 0039 ਮਿਤੀ 13-04-2026 ਨੂੰ ਦਰਜ ਹੋ ਚੁੱਕਾ ਹੈ ਜਿਸ ਨੂੰ ਖੁਰਦ-ਬੁਰਦ ਕਰਨ ਲਈ ਰਾਜਸੀ ਦਖਲਅੰਦਾਜੀ ਕੀਤੀ ਜਾ ਰਹੀ ਹੈ ਮਿਲਾਵਟਖੋਰਾਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਆਪਣੀ ਮੁੱਠੀ ਗਰਮ ਕਰਕੇ ਆਪਣੀਆਂ ਅੱਖਾਂ ਮੀਟ ਲੈਂਦੈ ਹਨ। ਦੁੱਧ ਹੋਵੇ, ਫੀਡ ਹੋਵੇ, ਕੀਟਨਾਸ਼ਕ ਦਵਾਈਆਂ ਜਾਂ ਖਾਦਾਂ ਹੋਣ ਇਹਨਾਂ ਵਿੱਚ ਬਿਨ੍ਹਾਂ ਰੋਕ ਟੋਕ ਮਿਲਾਵਟ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਦੇ ਰਾਖੇ ਆਪਣੀ ਜੇਬ ਗਰਮ ਕਰਨ ਤੱਕ ਸੀਮਤ ਰਹਿੰਦੇ ਹਨ ਜੋ ਕਿ ਸਮਾਜ ਲਈ ਵੱਡੇ ਖਤਰੇ ਤੋਂ ਘੱਟ ਨਹੀਂ ਹਨ।