ਲੁਧਿਆਣਾ : ਮੈਸ਼ ਪ੍ਰੋਲਾਈਫ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਵੱਲੋਂ 96 ਸਾਲ ਦੇ ਬਜ਼ੁਰਗ ਮਰੀਜ਼ ਦਾ ਇੱਕ ਬਹੁਤ ਹੀ ਜਟਿਲ ਅਤੇ ਖਤਰਨਾਕ ਸੀ ਬੀ ਡੀ ਸਟੋਨ ਦਾ ਸਫਲ ਇਲਾਜ ਕਰਕੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਇਸ ਉਮਰ ਵਿੱਚ ਇੰਨੀ ਵੱਡੀ ਬਿਮਾਰੀ ਦਾ ਇਲਾਜ ਕਰਨਾ ਡਾਕਟਰਾਂ ਲਈ ਵੱਡੀ ਚੁਣੌਤੀ ਸੀ, ਪਰ ਮਾਹਿਰ ਟੀਮ ਦੀ ਸੁਝਬੁੱਝ ਅਤੇ ਆਧੁਨਿਕ ਤਕਨੀਕਾਂ ਦੇ ਨਾਲ ਇਹ ਸੰਭਵ ਹੋ ਸਕਿਆ। ਮਰੀਜ਼ ਕਾਫੀ ਸਮੇਂ ਤੋਂ ਪੇਟ ਦਰਦ, ਘਬਰਾਹਟ ਅਤੇ ਖਾਣਾ ਠੀਕ ਤਰੀਕੇ ਨਾਲ ਹਜ਼ਮ ਨਾ ਹੋਣ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਉਮਰ ਜ਼ਿਆਦਾ ਹੋਣ ਕਾਰਨ ਪਰਿਵਾਰਕ ਮੈਂਬਰ ਵੀ ਕਾਫੀ ਚਿੰਤਤ ਸਨ ਅਤੇ ਇਲਾਜ ਨੂੰ ਲੈ ਕੇ ਸੰਕਟ ਵਿੱਚ ਸਨ। ਜਾਣਕਾਰੀ ਅਨੁਸਾਰ ਮਰੀਜ਼ ਦੀ ਲਗਭਗ 40 ਸਾਲ ਪਹਿਲਾਂ ਪਿੱਤੇ ਦੀ ਓਪਨ ਸਰਜਰੀ ਹੋ ਚੁੱਕੀ ਸੀ, ਜਿਸ ਕਾਰਨ ਮਾਮਲਾ ਹੋਰ ਵੀ ਪੇਚੀਦਾ ਬਣ ਗਿਆ ਸੀ। ਉਮਰ ਨੂੰ ਧਿਆਨ ਵਿੱਚ ਰੱਖਦਿਆਂ ਬਹੁਤ ਹੀ ਸਾਵਧਾਨੀ ਨਾਲ ਇਲਾਜ ਦੀ ਯੋਜਨਾ ਤਿਆਰ ਕੀਤੀ ਗਈ। ਡਾਕਟਰਾਂ ਨੇ ਆਧੁਨਿਕ ਐਂਡੋਸਕੋਪਿਕ ਤਕਨੀਕ ਦੀ ਵਰਤੋਂ ਕਰਕੇ ਬਿਨਾਂ ਵੱਡੀ ਸਰਜਰੀ ਦੇ ਪੱਥਰ ਨੂੰ ਸਫਲਤਾਪੂਰਵਕ ਬਾਹਰ ਕੱਢਿਆ ਅਤੇ ਪਾਈਪ ਵਿੱਚ ਜਮ੍ਹੀ ਪਸ ਨੂੰ ਵੀ ਸਾਫ਼ ਕੀਤਾ। ਇਸ ਪ੍ਰਕਿਰਿਆ ਨਾਲ ਮਰੀਜ਼ ਨੂੰ ਤੁਰੰਤ ਰਾਹਤ ਮਿਲੀ ਅਤੇ ਕੁਝ ਹੀ ਦਿਨਾਂ ਵਿੱਚ ਉਸ ਦੀ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਵੇਖਣ ਨੂੰ ਮਿਲਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਲਗਾਤਾਰ ਪੇਟ ਦਰਦ, ਪੀਲੀਆ, ਉਲਟੀਆਂ ਜਾਂ ਖਾਣਾ ਹਜ਼ਮ ਨਾ ਹੋਣ ਵਰਗੀਆਂ ਸਮੱਸਿਆਵਾਂ ਆਉਣ ਤਾਂ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਇਸ ਸਫਲ ਇਲਾਜ ਨੇ ਨਾ ਸਿਰਫ਼ ਮਰੀਜ਼ ਅਤੇ ਉਸਦੇ ਪਰਿਵਾਰ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ, ਸਗੋਂ ਹਸਪਤਾਲ ਦੀ ਮਾਹਿਰ ਟੀਮ ਦੀ ਯੋਗਤਾ ਅਤੇ ਤਜਰਬੇ ਨੂੰ ਵੀ ਸਾਬਤ ਕੀਤਾ ਹੈ।