ਅੰਮ੍ਰਿਤਸਰ : ਬ੍ਰਹਮਲੀਨ ਧੰਨ-ਧੰਨ ਬਾਬਾ ਦਿਆਲ ਸ਼ਾਹ ਜੀ ਤਪ ਅਸਥਾਨ ਵਿਖੇ ਆਯੋਜਿਤ ਸਾਲਾਨਾ ਜੋੜ ਮੇਲੇ ਦੌਰਾਨ ਕਰਵਾਏ ਗਏ 5ਵੇਂ ਕਬੱਡੀ ਟੂਰਨਾਮੈਂਟ ਵਿੱਚ ਹਲਕਾ ਉੱਤਰੀ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ। ਸਮਾਗਮ ਦਾ ਆਯੋਜਨ ਮੁੱਖ ਸੇਵਾਦਾਰ ਬਚਿੱਤਰ ਸਿੰਘ ਜੀ ਸਹਿਣਵਾਲੀ ਦੀ ਅਗਵਾਈ ਹੇਠ ਜੇ.ਪੀ. ਸਰਪੰਚ, ਗ੍ਰਾਮ ਪੰਚਾਇਤ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸ਼ਰਧਾਲੂਆਂ, ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਨੇ ਮੇਲੇ ਅਤੇ ਖੇਡ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਅਕਸ਼ੈ ਸ਼ਰਮਾ ਨੇ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਅਨੁਸ਼ਾਸਨ, ਸਮਰਪਣ ਅਤੇ ਸਕਾਰਾਤਮਕ ਸੋਚ ਵੱਲ ਪ੍ਰੇਰਿਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਵੀ ਹਨ। ਅਕਸ਼ੈ ਸ਼ਰਮਾ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਡਾਂ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਮੈਦਾਨ ਵਿੱਚ ਪਸੀਨਾ ਵਹਾਉਣ ਵਾਲਾ ਨੌਜਵਾਨ ਕਦੇ ਵੀ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਨਹੀਂ ਆਉਂਦਾ ਅਤੇ ਖੇਡਾਂ ਦੇ ਜ਼ਰੀਏ ਹੀ ਪੰਜਾਬ ਨੂੰ ਨਸ਼ਾ-ਮੁਕਤ ਅਤੇ ਤਰੱਕੀ ਦੇ ਰਾਹ 'ਤੇ ਅੱਗੇ ਲਿਆਂਦਾ ਜਾ ਸਕਦਾ ਹੈ। ਸਮਾਗਮ ਦੇ ਅੰਤ ਵਿੱਚ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਯੋਜਨ ਕਮੇਟੀ ਵੱਲੋਂ ਮੁੱਖ ਮਹਿਮਾਨ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਇਲਾਕੇ ਦੀ ਖੁਸ਼ਹਾਲੀ, ਨੌਜਵਾਨਾਂ ਦੇ ਉਜਲੇ ਭਵਿੱਖ ਅਤੇ ਸਮਾਜ ਵਿੱਚ ਆਪਸੀ ਭਾਈਚਾਰੇ ਦੀ ਮਜ਼ਬੂਤੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਭਾਜਪਾ ਆਗੂ ਪੱਪੂ ਮਹਾਜਨ, ਵਿਕਰਾਂਤ ਸ਼ੋਰੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।