ਅੰਮ੍ਰਿਤਸਰ : ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਨੌਜਵਾਨ ਭਾਜਪਾ ਆਗੂ ਅਕਸ਼ੈ ਸ਼ਰਮਾ ਨੇ ਇਲਾਕੇ ਦੇ ਲੋਕਾਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਅਤੇ ਸੂਬੇ ਦੀ ਰਾਜਨੀਤੀ ਵਿੱਚ ਆਮ ਆਦਮੀ ਦਾ ਸਭ ਤੋਂ ਵੱਧ ਇਸਤੇਮਾਲ ਹੋਇਆ ਹੈ, ਪਰ ਉਸਦੀ ਜ਼ਿੰਦਗੀ ਅੱਜ ਵੀ ਸੰਘਰਸ਼ਾਂ ਨਾਲ ਭਰੀ ਪਈ ਹੈ। ਉਨ੍ਹਾਂ ਕਿਹਾ ਕਿ ਸਾਲਾਂ ਤੋਂ ਲੋਕ ਨੇਤਾਵਾਂ ਨੂੰ ਵੋਟ ਦੇ ਕੇ ਸੱਤਾ ਤੱਕ ਪਹੁੰਚਾਉਂਦੇ ਰਹੇ ਹਨ, ਪਰ ਜਦੋਂ ਜਨਤਾ ਨੂੰ ਉਹਨਾਂ ਦੀ ਲੋੜ ਪੈਂਦੀ ਹੈ ਤਾਂ ਉਹੀ ਨੇਤਾ ਲੋਕਾਂ ਤੋਂ ਦੂਰ ਹੋ ਜਾਂਦੇ ਹਨ। ਅਕਸ਼ੈ ਸ਼ਰਮਾ ਹਲਕਾ ਉੱਤਰੀ ਦੇ ਵਾਰਡ ਨੰਬਰ 10 ਵਿੱਚ ਆਯੋਜਿਤ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਅਕਸ਼ੈ ਸ਼ਰਮਾ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਕਿਸੇ ਵੀ ਸਮਾਜ ਅਤੇ ਪੀੜ੍ਹੀ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਵੱਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਚੰਗੀ ਸਿੱਖਿਆ ਹੀ ਪਰਿਵਾਰ ਅਤੇ ਸਮਾਜ ਦੀ ਅਸਲੀ ਤਾਕਤ ਹੈ। ਉਨ੍ਹਾਂ ਕਿਹਾ ਕਿ ਭਾਰਤੀਯ ਜਨਤਾ ਪਾਰਟੀ ਹਮੇਸ਼ਾਂ ਗਰੀਬ, ਮਜ਼ਦੂਰ ਅਤੇ ਆਮ ਆਦਮੀ ਦੇ ਹਿੱਤ ਵਿੱਚ ਕੰਮ ਕਰਦੀ ਆਈ ਹੈ। ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਹੋਏ ਵਿਕਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਬਦਲਾਅ ਦੀ ਲੋੜ ਹੈ ਅਤੇ ਇਹ ਬਦਲਾਅ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਇਸ ਮੌਕੇ ‘ਤੇ ਕਸਤੂਰੀ ਲਾਲ, ਪੱਪੂ ਕੁਮਾਰ, ਭੂਪੇਂਦਰ ਕੁਮਾਰ, ਸ਼ੰਮੀ, ਰਾਜੇਸ਼ ਕੁਮਾਰ, ਦੀਪਕ ਕੁਮਾਰ, ਰਾਜਿੰਦਰ ਕੁਮਾਰ ਰਾਜੂ, ਅਰਜੁਨ, ਪਰਵੀਨ ਕੁਮਾਰ ਅਤੇ ਮਨੋਹਰ ਕੁਮਾਰ ਹਾਜ਼ਰ ਸਨ।