ਮਾਜਰੀ : ਇੱਥੋਂ ਨੇੜਲੇ ਪਿੰਡ ਮਾਣਕਪੁਰ ਸ਼ਰੀਫ ਦੀ ਹਜਰਤ ਹਾਫਿਜ ਮੁਹੰਮਦ ਮੂਸਾ ਸਾਹਿਬ ਦੀ ਪਾਵਨ ਦਰਗਾਹ ਤੇ ਕਰਵਾਏ ਜਾਂਦੇ ਪੁਰਾਤਨ ਸੱਭਿਆਚਾਰਕ ਸਾਲਾਨਾ ਮੇਲੇ (ਉਰਸ) ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੇਲੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਜਨਰਲ ਸਕੱਤਰ ਪੰਜਾਬ ਕਿਸਾਨ ਕਾਂਗਰਸ ਵੀ ਆਪਣੀ ਟੀਮ ਸਮੇਤ ਪਾਵਨ ਦਰਗਾਹ ਵਿੱਚ ਨਤਮਸਤਕ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਕਿ ਮਾਣਕਪੁਰ ਸ਼ਰੀਫ ਦੇ ਪਾਵਨ ਦਰਗਾਹ ਦਾ ਸਲਾਨਾ ਮੇਲਾ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।ਉਹਨਾਂ ਕਿਹਾ ਕਿ ਜਿੱਥੇ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਆਉਂਦੇ ਹਨ ਉਸ ਨਾਲੋਂ ਵੱਧ ਗਿਣਤੀ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਇਸ ਅਸਥਾਨ ਵਿੱਚ ਆਸਥਾ ਰੱਖਦੇ ਹਨ ਅਤੇ ਮੇਲੇ ਵਿੱਚ ਹਾਜਰੀ ਭਰਦੇ ਹਨ।ਉਹਨਾਂ ਕਿਹਾ ਕਿ ਇਹ ਮੇਲੇ ਜਿੱਥੇ ਸੱਭਿਆਚਾਰ ਦਾ ਪ੍ਰਤੀਕ ਹਨ ਉੱਥੇ ਪੰਜਾਬੀਆਂ ਦੀ ਰੂਹ ਦੀ ਖੁਰਾਕ ਹਨ। ਇਸ ਸਾਲਾਨਾ ਮੇਲੇ ਦੇ ਆਖਰੀ ਦਿਨ ਸਰਪੰਚ ਦਲਵੀਰ ਸਿੰਘ ਅਤੇ ਗ੍ਰਾਮ ਪੰਚਾਇਤ ਵੱਲੋਂ ਪੰਜਾਬ ਦੀ ਮਸ਼ਹੂਰ ਦੁਗਾਣਾ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਖੁੱਲਾ ਅਖਾੜਾ ਲਗਵਾਇਆ ਗਿਆ। ਇਸ ਜੋੜੀ ਵੱਲੋਂ ਆਪਣੇ ਗੀਤਾਂ ਰਾਹੀਂ ਆਏ ਹੋਏ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਗੁਰਪ੍ਰਤਾਪ ਸਿੰਘ ਪਡਿਆਲਾ ਦਾ ਸਨਮਾਨ ਵੀ ਕੀਤਾ ਗਿਆ।