ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਪਿੰਡ ਮਾਣਕਮਾਜਰਾ ਵਿਖੇ ਮੁੱਖ ਮੰਤਰੀ ਖੇਡ ਮੈਦਾਨ ਯੋਜਨਾ ਤਹਿਤ ਤਿਆਰ ਕੀਤੇ ਗਏ ਨਵੇਂ ਮਾਡਲ ਪੇਂਡੂ ਖੇਡ ਮੈਦਾਨ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਗਰਾਊਂਡ ਦਾ ਰਸਮੀ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਪੰਜਾਬ ਭਰ ਵਿੱਚ ਖੇਡ ਗਰਾਊਂਡ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ 3100 ਖੇਡ ਗਰਾਊਂਡ ਬਣਾਏ ਜਾ ਰਹੇ ਹਨ ਅਤੇ ਦੂਜੇ ਪੜਾਅ ਵਿੱਚ ਹੋਰ 3000 ਖੇਡ ਗਰਾਊਂਡ ਤਿਆਰ ਕਰਨ ਦੀ ਯੋਜਨਾ ਹੈ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਨੌਜਵਾਨ ਪੀੜੀ ਨੂੰ ਸਹੀ ਦਿਸ਼ਾ ਦੇਣ ਲਈ ਖੇਡਾਂ ਦਾ ਮਾਹੌਲ ਵੀ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖੇਡ ਗਰਾਊਂਡਾਂ ਰਾਹੀਂ ਬੱਚੇ ਅਤੇ ਨੌਜਵਾਨ ਆਪਣਾ ਖਾਲੀ ਸਮਾਂ ਖੇਡਾਂ ਵਿੱਚ ਬਿਤਾ ਕੇ ਸਿਹਤਮੰਦ ਰਹਿ ਸਕਦੇ ਹਨ ਅਤੇ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰ ਸਕਦੇ ਹਨ, ਜਿਸ ਨਾਲ ਉਹ ਰਾਜ, ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਮ ਰੌਸ਼ਨ ਕਰ ਸਕਦੇ ਹਨ। ਇਸ ਖੇਡ ਗਰਾਊਂਡ ਵਿੱਚ ਫੁੱਟਬਾਲ, ਵਾਲੀਬਾਲ ਸਮੇਤ ਹੋਰ ਖੇਡਾਂ ਲਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਬੱਚਿਆਂ ਲਈ ਝੂਲੇ, ਲਾਈਟਾਂ, ਦੌੜ ਲਈ ਟਰੈਕ ਅਤੇ ਬਾਥਰੂਮ ਆਦਿ ਦੀ ਵੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਿੰਡ ਦੀ ਪੰਚਾਇਤ ਅਤੇ ਸਥਾਨਕ ਵਾਸੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਲਈ ਲੋੜੀਂਦਾ ਵਾਤਾਵਰਣ ਤਿਆਰ ਕਰ ਦਿੱਤਾ ਗਿਆ ਹੈ ਅਤੇ ਖੇਡ ਸਮਾਨ ਵੀ ਸਮੇਂ-ਸਮੇਂ ਤੇ ਮੁਹੱਈਆ ਕਰਵਾਇਆ ਜਾਂਦਾ ਰਹੇਗਾ। ਇਸ ਮੌਕੇ 24 ਬੱਚਿਆਂ ਨੂੰ ਖੇਡ ਬੂਟ ਵੀ ਵੰਡੇ ਗਏ ਅਤੇ ਭਵਿੱਖ ਵਿੱਚ ਟਰੈਕ ਸੂਟ ਅਤੇ ਹੋਰ ਸਮਾਨ ਵੀ ਦਿੱਤਾ ਜਾਵੇਗਾ। ਇਸ ਮੌਕੇ ਪਰਮਜੀਤ ਕੌਰ (ਸਰਪੰਚ), ਅਵਤਾਰ ਸਿੰਘ ਮੌਲੀ (ਬਲਾਕ ਪ੍ਰਧਾਨ), ਧਨਵੰਤ ਸਿੰਘ ਰੰਧਾਵਾ (ਬੀ.ਡੀ.ਪੀ.ਓ. ਮੋਹਾਲੀ), ਕੁਲਦੀਪ ਸਿੰਘ ਸਮਾਣਾ, ਜਸਪਾਲ ਸਿੰਘ ਮਟੌਰ, ਅਕਬਿੰਦਰ ਸਿੰਘ ਗੋਸਲ, ਗੁਰਜੰਟ ਸਿੰਘ (ਸਰਪੰਚ ਭਾਗੋਮਜਰਾ), ਮਨਪ੍ਰੀਤ ਸਿੰਘ ਬੈਰਮਪੁਰ, ਗੁਰਪ੍ਰੀਤ ਸਿੰਘ ਬਰਿਆਲੀ, ਸਤਨਾਮ ਸਿੰਘ (ਸਰਪੰਚ ਗਿਗੇਮਜਰਾ), ਰਣਜੀਤ ਸਿੰਘ, ਨਿਰਮੈਲ ਸਿੰਘ ਸਨੇਟਾ ਅਤੇ ਦਲਵੀਰ ਸਿੰਘ ਖਾਲਸਾ ਮਾਣਕਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪ੍ਰਮੁੱਖ ਵਿਅਕਤੀ ਮੌਜੂਦ ਰਹੇ।