ਸਮਾਣਾ : ਹਲਕਾ ਸਮਾਣਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਰਹਿਨੁਮਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਅਤੇ ਪਾਰਟੀ ਬਦਲਣ ਵਾਲੇ ਰਾਜ ਸਭਾ ਮੈਂਬਰਾਂ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਆਗੂਆਂ ਨੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਦਾ ਪੁਤਲਾ ਫੂਕ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਭਾਜਪਾ ਵੱਲੋਂ ਦੂਜੀਆਂ ਪਾਰਟੀਆਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਡਰਾ-ਧਮਕਾ ਕੇ ਜਾਂ ਲਾਲਚ ਦੇ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਨਾ ਲੋਕਤੰਤਰ ਦਾ ਸ਼ਰੇਆਮ ਘਾਣ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਜਿਨ੍ਹਾਂ ਮੈਂਬਰਾਂ ਨੂੰ ਵਿਸ਼ਵਾਸ ਨਾਲ ਚੁਣਿਆ ਸੀ, ਉਨ੍ਹਾਂ ਨੇ ਲੋਕਾਂ ਦੇ ਫਤਵੇ ਨਾਲ ਧ੍ਰੋਹ ਕਮਾਇਆ ਹੈ।
ਇਸ ਰੋਸ ਪ੍ਰਦਰਸ਼ਨ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਾਹਿਬਾਨ, ਪਾਰਟੀ ਵਲੰਟੀਅਰ ਅਤੇ ਸ਼ਹਿਰੀ ਇਕਾਈ ਦੇ ਸੀਨੀਅਰ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਭਾਜਪਾ ਵਿੱਚ ਸ਼ਾਮਲ ਹੋਏ ਮੈਂਬਰਾਂ ਦਾ ਸੰਕੇਤਕ ਪੁਤਲਾ ਫੂਕਿਆ ਗਿਆ। ਸਮਾਣਾ ਸ਼ਹਿਰ ਅਤੇ ਪੇਂਡੂ ਖੇਤਰ ਦੇ ਲੀਡਰਾਂ ਨੇ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਦਾ ਪ੍ਰਗਟਾਵਾ ਕੀਤਾ। ਆਪ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਕੋਝੀਆਂ ਚਾਲਾਂ ਨਾਲ ਆਮ ਆਦਮੀ ਪਾਰਟੀ ਦੇ ਹੌਸਲੇ ਪਸਤ ਨਹੀਂ ਕੀਤੇ ਜਾ ਸਕਦੇ।