ਕੋਟਕਪੂਰਾ : ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਿਲ ਕਰਦਿਆ ਵੱਖ-ਵੱਖ ਜਿਲਿ੍ਹਆਂ ਅੰਦਰ ਚੋਰੀ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਸ਼ਾਤਿਰ ਚੋਰ ਨੂੰ ਕਾਬੂ ਕੀਤਾ ਗਿਆ, ਜਿਸ ਵੱਲੋ ਪਿਛਲੇ ਦਿਨੀ ਸਾਦਿਕ ਅੰਦਰ ਇੱਕ ਘੋੜਾ ਟਰਾਲਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਜਾਣਕਾਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਵੱਲੋ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਜੋਗਾ ਸਿੰਘ ਉਰਫ਼ ਜੱਗਾ (49) ਵਜੋਂ ਹੋਈ ਹੈ, ਜੋ ਪ੍ਰੀਤ ਨਗਰ, ਸ਼ਿਮਲਾਪੁਰੀ (ਲੁਧਿਆਣਾ) ਦਾ ਨਿਵਾਸੀ ਹੈ। ਇਸ ਤੋਂ ਇਲਾਵਾ ਉਸਦੇ ਅੰਮ੍ਰਿਤਸਰ ਦਿਹਾਤੀ ਦੇ ਜੰਡਿਆਲਾ ਗੁਰੂ ਨੇੜਲੇ ਪਿੰਡ ਵਾਲੀਆ ਮੰਜਪੁਰ ਅਤੇ ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਵੀ ਠਿਕਾਣੇ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ਦੇ ਪਾਸੋਂ ਚੋਰੀ ਕੀਤਾ ਗਿਆ ਟਰੇਲਰ ਸਫਲਤਾਪੂਰਵਕ ਬਰਾਮਦ ਕਰ ਲਿਆ ਗਿਆ ਹੈ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਐਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਦੱਸਿਆ ਕਿ ਕਿ 05-06 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਰਿਲਾਇੰਸ ਪੈਟਰੋਲ ਪੰਪ, ਫਰੀਦਕੋਟ ਰੋਡ, ਸਾਦਿਕ ਵਿਖੇ ਖੜ੍ਹੇ ਘੋੜਾ ਟਰਾਲੇ ਦੇ ਚੋਰੀ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਇਸ ਸਬੰਧੀ ਟਰਾਲੇ ਦੇ ਮਾਲਕ ਬਿੱਕਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਾਦਿਕ ਵਿੱਚ ਮੁਕੱਦਮਾ ਨੰਬਰ 68 ਮਿਤੀ 07.04.2026 ਅਧੀਨ ਧਾਰਾ 303(2) ਬੀ.ਐਨ.ਐਸ. ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਿਸ ਦੌਰਾਨ ਪੁਲਿਸ ਟੀਮਾਂ ਵੱਲੋਂ ਟੈਕਨੀਕਲ ਇਨਪੁੱਟ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ’ਤੇ ਤਫ਼ਤੀਸ਼ ਕਰਦਿਆਂ ਦੋਸ਼ੀ ਦੀ ਭਾਲ ਕੀਤੀ ਗਈ ਅਤੇ ਕੱਲ੍ਹ ਮਿਤੀ 15 ਅਪ੍ਰੈਲ ਨੂੰ ਸਾਦਿਕ-ਮੁਕਤਸਰ ਰੋਡ ਤੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਉਸਦੀ ਨਿਸ਼ਾਨਦੇਹੀ ’ਤੇ ਚੋਰੀ ਕੀਤਾ ਟ੍ਰੇਲਰ ਵੀ ਬਰਾਮਦ ਕਰ ਲਿਆ ਗਿਆ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀ ਪੇਸ਼ੇ ਵਜੋ ਟਰੱਕ ਡਰਾਇਵਰ ਵਜੋ ਕੰਮ ਕਰਦਾ ਰਿਹਾ ਹੈ। ਇਸ ਵੱਲੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਏਰੀਆ ਅੰਦਰ ਘੁੰਮ ਕੇ ਸ਼ਾਤਿਕ ਤਰੀਕੇ ਨਾਲ ਏਰੀਆ ਅੰਦਰ ਖੜ੍ਹੇ ਕੀਤੇ ਟਰੱਕਾਂ ਦੀ ਰੈਕੀ ਕੀਤੀ ਜਾਦੀ ਸੀ, ਜਿਸ ਉਪਰੰਤ ਉਸ ਵੱਲੋ ਮੌਕੇ ਨੂੰ ਭਾਪ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਦਾ ਸੀ ਉਹਨਾ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਵੱਲੋ ਇਸ ਤੋ ਪਹਿਲਾ ਵੀ ਲੁਧਿਆਣਾ, ਰੂਪਨਗਰ ਅਤੇ ਬਰਨਾਲਾ ਏਰੀਆ ਵਿੱਚ ਵਹੀਕਲ ਚੋਰੀ ਦੀਆ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਸਬੰਧੀ ਇਸ ਖ਼ਿਲਾਫ ਪਹਿਲਾਂ ਤੋਂ ਹੀ ਕੁੱਲ 10 ਮਾਮਲੇ ਦਰਜ ਹਨ। ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਸ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਡੀ.ਐਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ ਅਤੇ ਸ਼੍ਰੀ ਤਰਲੋਚਨ ਸਿੰਘ, ਡੀ.ਐਸ.ਪੀ. (ਫਰੀਦਕੋਟ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਥਾਣਾ ਸਾਦਿਕ ਦੀਆਂ ਪੁਲਿਸ ਟੀਮਾਂ ਵੱਲੋਂ ਦੋਸ਼ੀਆਂ ਨੂੰ ਟਰੇਸ ਕਰਨ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਸਥਾਨਾਂ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕਰਕੇ ਅਹਿਮ ਸੁਰਾਗ ਇਕੱਠੇ ਕੀਤੇ ਗਏ, ਜਿਸ ਨਾਲ ਦੋਸ਼ੀਆਂ ਤੱਕ ਪਹੁੰਚ ਬਣਾਉਣ ਵਿੱਚ ਮਹੱਤਵਪੂਰਨ ਸਫਲਤਾ ਮਿਲੀ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।