ਅੰਮ੍ਰਿਤਸਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸ਼ਰਧਾ ਅਤੇ ਭਗਤੀ ਦਾ ਇੱਕ ਵਿਲੱਖਣ ਅਤੇ ਰੂਹਾਨੀ ਮੰਜ਼ਰ ਵੇਖਣ ਨੂੰ ਮਿਲਿਆ। ਭਾਵੇਂ ਕੁਦਰਤ ਵੱਲੋਂ ਤੇਜ਼ ਬਰਸਾਤ ਰਾਹੀਂ ਆਪਣੀ ਹਾਜ਼ਰੀ ਲਗਵਾਈ ਗਈ, ਪਰ ਸੰਗਤਾਂ ਦੇ ਅਥਾਹ ਉਤਸ਼ਾਹ ਅਤੇ ਗੁਰੂ ਪ੍ਰਤੀ ਸ਼ਰਧਾ ਅੱਗੇ ਮੀਂਹ ਵੀ ਰੁਕਾਵਟ ਨਾ ਬਣ ਸਕਿਆ। ਰਾਤ ਦੇ ਸਮੇਂ ਜਦੋਂ ਅਸਮਾਨ ਵਿੱਚ ਤੇਜ਼ ਬਰਸਾਤ ਹੋ ਰਹੀ ਸੀ, ਉਸੇ ਦੌਰਾਨ ਹੋਈ ਸ਼ਾਨਦਾਰ ਆਤਿਸ਼ਬਾਜ਼ੀ ਨੇ ਅਲੌਕਿਕ ਦ੍ਰਿਸ਼ ਸਿਰਜ ਦਿੱਤਾ। ਅਸਮਾਨੀ ਰੌਸ਼ਨੀਆਂ ਦੀ ਚਮਕ ਜਦੋਂ ਪਵਿੱਤਰ ਸਰੋਵਰ ਦੇ ਪਾਣੀ ਵਿੱਚ ਪਈ, ਤਾਂ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਧਰਤੀ ਅਤੇ ਅਸਮਾਨ ਦੋਵੇਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾ ਰਹੇ ਹੋਣ। ਸੰਗਤਾਂ ਵੱਲੋਂ ਵੱਡੇ ਪੱਧਰ 'ਤੇ ਦੇਸੀ ਘਿਓ ਦੀ ਦੀਪ ਮਾਲਾ ਕੀਤੀ ਗਈ, ਜਿਸ ਨੇ ਪੂਰੇ ਪ੍ਰੰਗਣ ਨੂੰ ਰੂਹਾਨੀ ਰੌਸ਼ਨੀ ਨਾਲ ਸਰਸ਼ਾਰ ਕਰ ਦਿੱਤਾ।

ਦੇਸ਼-ਵਿਦੇਸ਼ ਤੋਂ ਪਹੁੰਚੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਸਵੇਰ ਤੋਂ ਹੀ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਗੁਰੂ ਕੇ ਮਹਿਲ (ਗੁਰੂ ਸਾਹਿਬ ਦਾ ਜਨਮ ਅਸਥਾਨ) ਵਿਖੇ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਦੂਰ-ਦੁਰਾਡੇ ਤੋਂ ਆਏ ਸ਼ਰਧਾਲੂਆਂ ਨੇ ਦੱਸਿਆ ਕਿ ਬਾਰਿਸ਼ ਦੇ ਵਿਚਕਾਰ ਅਜਿਹਾ ਮਨਮੋਹਕ ਨਜ਼ਾਰਾ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਵੇਖਿਆ। ਸੰਗਤਾਂ ਮੁਤਾਬਕ, ਦਰਬਾਰ ਸਾਹਿਬ ਦਾ ਸ਼ਾਂਤਮਈ ਵਾਤਾਵਰਣ ਅਤੇ ਕੀਰਤਨ ਦੀਆਂ ਇਲਾਹੀ ਧੁਨਾਂ ਨੇ ਉਨ੍ਹਾਂ ਨੂੰ ਆਤਮਿਕ ਸੁਕੂਨ ਬਖਸ਼ਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਬਾਰਿਸ਼ ਦੇ ਬਾਵਜੂਦ ਕਿਸੇ ਨੂੰ ਮੁਸ਼ਕਲ ਪੇਸ਼ ਨਾ ਆਵੇ। ਇਹ ਗੁਰਪੁਰਬ ਸੰਗਤਾਂ ਲਈ ਇੱਕ ਅਭੁੱਲ ਯਾਦ ਬਣ ਕੇ ਨਿਬੜਿਆ।