ਐਸ ਐਸ ਪੀ ਹਰਮਨ ਹਾਂਸ ਨੇ ਆਪ੍ਰੇਸ਼ਨ ਦੀ ਅਗਵਾਈ ਕੀਤੀ
ਖਰੜ : "ਯੁੱਧ ਨਸ਼ਿਆ ਵਿਰੁੱਧ" ਰਾਜ ਵਿਆਪੀ ਮੁਹਿੰਮ ਦੇ ਹਿੱਸੇ ਵਜੋਂ, ਜ਼ਿਲ੍ਹਾ ਐਸ ਏ ਐਸ ਨਗਰ ਪੁਲਿਸ ਨੇ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਹੇਠ ਅੱਜ ਖਰੜ ਸਿਟੀ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਬੰਗਾਲਾ ਬਸਤੀ ਵਿੱਚ ਇੱਕ ਸਮੂਹਿਕ ਤਲਾਸ਼ੀ ਅਭਿਆਨ (ਕਾਰਡਨ ਅਤੇ ਸਰਚ ਆਪ੍ਰੇਸ਼ਨ) ਕੀਤਾ।
ਜਾਣਕਾਰੀ ਦਿੰਦਿਆਂ ਐਸ ਐਸ ਪੀ ਹਾਂਸ ਨੇ ਕਿਹਾ ਕਿ ਇਸ ਆਪ੍ਰੇਸ਼ਨ ਦਾ ਉਦੇਸ਼ ਪਹਿਲਾਂ ਤੋਂ ਪਛਾਣੇ ਗਏ ਹੌਟਸਪੌਟ ਖੇਤਰਾਂ ਵਿੱਚ ਨਸ਼ਿਆਂ ਦੀ ਸਪਲਾਈ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਰੋਕਣਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸਦਾ ਉਦੇਸ਼ ਸਮਾਜ ਵਿਰੋਧੀ ਤੱਤਾਂ ਅਤੇ ਨਸ਼ਾ ਤਸਕਰਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਇੱਕ ਸਖ਼ਤ ਸੰਦੇਸ਼ ਦੇਣਾ ਵੀ ਸੀ।
ਇਸ ਕਾਰਵਾਈ ਦੌਰਾਨ, 10 ਗ੍ਰਾਮ ਹੈਰੋਇਨ ਦੀ ਬਰਾਮਦਗੀ ਤੋਂ ਬਾਅਦ, ਪੁਲਿਸ ਸਟੇਸ਼ਨ ਸਿਟੀ ਖਰੜ ਵਿਖੇ ਐਨਡੀਪੀਐਸ ਐਕਟ ਦੀ ਧਾਰਾ 27/29/61/85 ਦੇ ਤਹਿਤ ਦੋ ਮੁਲਜ਼ਮਾਂ ਖਿਲਾਫ ਐਫ ਆਈ ਆਰ ਨੰਬਰ 311 ਦਰਜ ਕੀਤੀ ਗਈ। ਇਸ ਤੋਂ ਇਲਾਵਾ, ਪੁਲਿਸ ਟੀਮਾਂ ਨੇ ਚਾਰ ਮੋਟਰਸਾਈਕਲਾਂ ਨੂੰ ਜ਼ਬਤ ਕੀਤਾ ਅਤੇ ਪੰਜ ਸ਼ੱਕੀ ਵਿਅਕਤੀਆਂ ਨੂੰ ਤਸਦੀਕ ਲਈ ਕਾਬੂ ਕੀਤਾ।
ਇਸ ਕਾਰਵਾਈ ਵਿੱਚ ਐਸ ਪੀ (ਐਚ) ਰਮਨਦੀਪ ਸਿੰਘ, ਐਸ ਪੀ (ਪੀਬੀਆਈ) ਦੀਪਿਕਾ ਸਿੰਘ ਅਤੇ ਡੀਐਸਪੀ ਖਰੜ-1 ਕਰਨ ਸਿੰਘ ਸੰਧੂ ਸਮੇਤ 100 ਤੋਂ ਵੱਧ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੁਹਰਾਇਆ ਕਿ ਜ਼ਿਲ੍ਹਾ ਪੁਲਿਸ ਜ਼ਿਲ੍ਹੇ ਨੂੰ ਨਸ਼ਿਆਂ ਅਤੇ ਗੈਂਗਸਟਰਾਂ ਤੋਂ ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨਾਲ ਸਖ਼ਤੀ ਅਤੇ ਬਿਨਾਂ ਕਿਸੇ ਨਰਮੀ ਦੇ ਨਜਿੱਠਿਆ ਜਾਵੇਗਾ।