ਐਸ.ਏ.ਐਸ ਨਗਰ : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮਾਣਯੋਗ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਲੈਂਡ ਪੂਲਿੰਗ ਸਕੀਮ 'ਤੇ 4 ਹਫ਼ਤਿਆਂ ਲਈ ਲਗਾਈ ਗਈ ਰੋਕ ਉੱਤੇ ਹਾਈ ਕੋਰਟ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਨਾ ਸਿਰਫ਼ ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੀ ਜ਼ਮੀਨਾਂ ਨੂੰ ਬਚਾਉਂਦਾ ਹੈ, ਬਲਕਿ ਪੰਜਾਬੀਅਤ ਅਤੇ ਖੇਤੀ ਪ੍ਰਧਾਨ ਆਰਥਕ ਮਾਡਲ ਦੀ ਰੱਖਿਆ ਵੀ ਕਰਦਾ ਹੈ।
ਬਲਬੀਰ ਸਿੱਧੂ ਨੇ ਕਿਹਾ ਕਿ ਜੇਕਰ 'ਆਪ' ਸਰਕਾਰ ਦੀ ਲੈਂਡ ਪੂਲਿੰਗ ਨੀਤੀ ਲਾਗੂ ਹੋ ਜਾਂਦੀ, ਤਾਂ ਪੰਜਾਬ ਨੂੰ ਵੱਡੇ ਪੱਧਰ 'ਤੇ ਆਰਥਿਕ ਅਤੇ ਸਮਾਜਿਕ ਨੁਕਸਾਨ ਝੱਲਣਾ ਪੈਂਦਾ। ਉਨ੍ਹਾਂ ਕਿਹਾ ਕਿ ਇਹ ਸਕੀਮ ਕਿਸਾਨਾਂ ਦੀ ਜ਼ਮੀਨ ਨੂੰ ਹਥਿਆਉਣ ਦਾ ਇਕ ਹਥਕੰਡਾ ਸੀ, ਜਿਸ ਦੇ ਖਿਲਾਫ਼ ਕਿਸਾਨਾਂ ਅਤੇ ਸਾਡੀ ਕਾਂਗਰਸ ਪਾਰਟੀ ਨੇ ਬੁਲੰਦ ਆਵਾਜ਼ ਚੁੱਕੀ।
ਉਨ੍ਹਾਂ ਅੱਗੇ ਕਿਹਾ ਕਿ ਹਾਈ ਕੋਰਟ ਦਾ ਇਹ ਫ਼ੈਸਲਾ ਸੱਚਾਈ ਦੀ ਜਿੱਤ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਲੋਕਤੰਤਰ ਵਿੱਚ ਹਾਲੇ ਵੀ ਆਮ ਆਦਮੀ ਦੀ ਅਵਾਜ਼ ਸੁਣੀ ਜਾਂਦੀ ਹੈ। ਉਨ੍ਹਾਂ ਸਾਰਿਆਂ ਵਕੀਲਾਂ, ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੁੱਦੇ ਨੂੰ ਹਾਈ ਕੋਰਟ ਤੱਕ ਲੈ ਕੇ ਜਾਣ ਵਿੱਚ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਦਰਸਾਉਂਦਾ ਹੈ ਕਿ ਕਿਸਾਨਾਂ ਦੀ ਇਕਜੁਟਤਾ ਅਤੇ ਸੰਘਰਸ਼ ਬੇਅਰਥ ਨਹੀਂ ਜਾਂਦਾ। ਜਦੋਂ ਲੋਕ ਇੱਕਜੁੱਟ ਹੋ ਕੇ ਹੱਕ ਲਈ ਖੜ੍ਹੇ ਹੁੰਦੇ ਹਨ, ਤਾਂ ਨਤੀਜੇ ਵੀ ਆਉਂਦੇ ਹਨ।
ਉਨ੍ਹਾਂ ਲੈਂਡ ਪੂਲਿੰਗ ਸਕੀਮ ਨੂੰ ਸਰਕਾਰ ਦੀ ਇਕ ਤਰਫ਼ਾ ਅਤੇ ਆਮ ਲੋਕਾਂ ਦੇ ਹਿੱਤਾਂ ਵਿਰੁੱਧ ਬਣਾਈ ਗਈ ਯੋਜਨਾ ਕਰਾਰ ਦਿੰਦੇ ਹੋਏ ਕਿਹਾ ਕਿ ਹਾਈ ਕੋਰਟ ਨੇ ਇਸ ਅਹੰਕਾਰ ਨੂੰ ਤੋੜਿਆ ਹੈ।
ਬਲਬੀਰ ਸਿੱਧੂ ਨੇ ਇਹ ਵੀ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਕਿਸਾਨਾਂ ਜਾਂ ਆਮ ਲੋਕਾਂ ਦੇ ਹੱਕਾਂ 'ਤੇ ਕੁਹਾੜਾ ਚਲਾਉਣ ਤੋਂ ਪਹਿਲਾਂ ਸੋਚਣਾ ਪਵੇਗਾ। ਜ਼ਮੀਨ ਸਿਰਫ਼ ਮਾਲ ਨਹੀਂ, ਸਾਡੇ ਕਿਸਾਨਾਂ ਦੀ ਜਿੰਦ ਜਾਨ ਹੈ। ਉਨ੍ਹਾਂ ਸਾਫ਼ ਕਿਹਾ ਕਿ ਇਹ ਮਾਮਲਾ ਕੋਈ ਸਿਆਸੀ ਮਸਲਾ ਨਹੀਂ, ਸਗੋਂ ਪੰਜਾਬ ਦੇ ਵੱਡੇ ਹਿੱਸੇ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ।
ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਕਿਸਾਨਾਂ ਦੇ ਹੱਕਾਂ ਲਈ ਲੜਾਈ ਲੜੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ। ਫਿਰ ਭਾਵੇਂ ਉਹ ਤਿੰਨ ਕਾਲੇ ਕਾਨੂੰਨਾਂ ਨੂੰ ਕੇਂਦਰ ਸਰਕਾਰ ਤੋਂ ਵਾਪਸ ਕਰਵਾਉਣਾ ਹੋਵੇ ਜਾਂ ਫਿਰ ਕਿਸਾਨ ਵਿਰੋਧੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਪਹਿਲੇ ਦਿਨ ਤੋਂ ਸੰਘਰਸ਼ ਵਿੱਢਣਾ ਹੋਵੇ।