ਕਿਹਾ, ਸਾਡੇ ਨੌਜਵਾਨਾਂ ਦਾ ਭਵਿੱਖ ਬਚਾਉਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ
ਐਸ.ਏ.ਐਸ ਨਗਰ : ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤਾ ਗਿਆ ਬਿਆਨ ਕਿ "ਹੁਣ ਸਾਡੇ ਬੱਚਿਆਂ ਨੂੰ MBBS ਲਈ ਯੂਕਰੇਨ ਨਹੀਂ ਜਾਣਾ ਪਵੇਗਾ, ਅਸੀਂ ਪੰਜਾਬ 'ਚ 4 ਨਵੇਂ ਮੈਡੀਕਲ ਕਾਲਜ ਬਣਾ ਰਹੇ ਹਾਂ" 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਿਰਫ਼ ਜਨਤਕ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਪਰ ਹਕੀਕਤ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਵੋਟ ਮੰਗਣ ਵੇਲੇ ਕੀਤੇ ਵਾਅਦਿਆਂ 'ਚੋਂ ਕੋਈ ਵੀ ਪੂਰਾ ਨਹੀਂ ਕੀਤਾ।
ਸ਼੍ਰੀ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ 12 ਨਵੇਂ ਮੈਡੀਕਲ ਕਾਲਜ ਬਣਾਉਣ ਦੀਆਂ ਵੱਡੀਆਂ ਘੋਸ਼ਣਾਵਾਂ ਕੀਤੀਆਂ ਗਈਆਂ, ਪਰ ਅੱਜ ਤੱਕ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ ਕਿ ਕਿਹੜੇ ਕਾਲਜ ਬਣੇ ਹਨ? ਕਿੱਥੇ ਬਣੇ ਹਨ? ਅਤੇ ਇਹ ਕਦੋਂ ਸ਼ੁਰੂ ਹੋਣਗੇ? ਇਹ ਸਾਰੇ ਸਵਾਲ ਜਨਤਾ ਲਈ ਰਹੱਸ ਬਣੇ ਹੋਏ ਹਨ ਅਤੇ ਸਰਕਾਰ ਵੱਲੋਂ ਅਣਜਵਾਬ ਛੱਡੇ ਜਾ ਰਹੇ ਹਨ।
ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਕਲੀਨਿਕ ਬਣਾਉਣ ਨਾਲ ਪੰਜਾਬ ਦੀ ਸਿਹਤ ਪ੍ਰਣਾਲੀ ਕਦੇ ਠੀਕ ਨਹੀਂ ਹੋ ਸਕਦੀ। ਸਾਡੇ ਪਿੰਡਾਂ ਵਿੱਚ ਅਜੇ ਵੀ ਡਾਕਟਰਾਂ ਦੀ ਬਹੁਤ ਕਮੀ ਹੈ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਵੱਡੀ ਸਮੱਸਿਆ ਬਣੀ ਹੋਈ ਹੈ। ਲੋਕਾਂ ਨੂੰ ਸਿਹਤ ਸੇਵਾਵਾਂ ਲਈ ਕਈ ਵਾਰੀ ਕਈ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ, ਜੋ ਖ਼ਾਸ ਕਰ ਕੇ ਗ਼ਰੀਬ ਪਰਿਵਾਰਾਂ ਲਈ ਬਹੁਤ ਵੱਡੀ ਰੁਕਾਵਟ ਹੈ।
ਸ਼੍ਰੀ ਸਿੱਧੂ ਨੇ ਕਾਂਗਰਸ ਸਰਕਾਰ ਦੇ ਸਮੇਂ 'ਤੇ ਲੋਕਾਂ ਦਾ ਧਿਆਨ ਕੇਂਦਰਿਤ ਕਰਦਿਆਂ ਕਿਹਾ, "ਜਿੱਥੇ ਕਾਂਗਰਸ ਸਰਕਾਰ ਦੇ ਸਮੇਂ ਮੈਡੀਕਲ ਕਾਲਜ ਦੀ ਫ਼ੀਸਾਂ ਬਹੁਤ ਘੱਟ ਸੀ, ਉਥੇ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਇਸ ਨੂੰ ਵਧਾ ਕੇ 9.5 ਲੱਖ ਰੁਪਏ ਕਰ ਦਿੱਤਾ ਹੈ। ਇਹ ਵਾਧਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਪੰਜਾਬ ਦੇ ਮੁਕਾਬਲੇ ਸਾਡੇ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਫੀਸਾਂ ਅੱਧ ਤੋਂ ਵੀ ਘੱਟ ਹਨ, ਅਤੇ ਵਿਦਿਆਰਥੀਆਂ ਨੂੰ ਮਿਲਣ ਵਾਲਾ ਵਜ਼ੀਫਾ ਦੁੱਗਣੇ ਦੇ ਕਰੀਬ ਹੈ।"
ਜਿਸ ਨੌਜਵਾਨ ਨੇ MBBS ਕਰ ਕੇ ਇਕ ਸੱਚਾ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨ ਦੇ ਸੁਪਨੇ ਵੇਖੇ — ਅੱਜ ਉਹ ਕਈ ਰੁਕਾਵਟਾਂ ਦਾ ਸਾਹਮਣਾ ਕਰ ਰਿਹਾ ਹੈ।
ਪੰਜਾਬ ਦੇ ਵਿਦਿਆਰਥੀ ਯੂਕਰੇਨ, ਰੂਸ ਜਾਂ ਚੀਨ ਜਾਣ ਨੂੰ ਮਜਬੂਰ ਹੋ ਰਹੇ ਹਨ, ਕਿਉਂਕਿ ਇੱਥੇ ਸੀਟਾਂ ਘੱਟ, ਫ਼ੀਸ ਜ਼ਿਆਦਾ ਅਤੇ ਸਹੂਲਤਾਂ ਅਧੂਰੀਆਂ ਹਨ।
ਸ਼੍ਰੀ ਬਲਬੀਰ ਸਿੱਧੂ ਨੇ ਕਿਹਾ ਕਿ ਤੁਸੀਂ ਸੱਤਾ ਵਿਚ ਆਉਣ ਤੋਂ ਪਹਿਲਾਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਪਰ ਹੁਣ ਤਿੰਨ ਸਾਲ ਬੀਤ ਗਏ ਹਨ ਕਿਸੇ ਵੀ ਮਹਿਲਾ ਦੇ ਖ਼ਾਤੇ ਵਿਚ ਹਾਲੇ ਤਕ ਇੱਕ ਹਜ਼ਾਰ ਰੁਪਏ ਨਹੀਂ ਆਏ। ਇਸ ਤੋਂ ਇਲਾਵਾ ਤੁਸੀਂ ਇੱਕ ਘਰ, ਇੱਕ ਨੌਕਰੀ ਦਾ ਵਾਅਦਾ ਕੀਤਾ ਸੀ, ਪਰ ਹਕੀਕਤ ਇਹ ਹੈ ਕਿ ਸਰਕਾਰੀ ਨੌਕਰੀਆਂ ਤਾਂ ਦੂਰ, ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਦਾ ਰੁਖ ਕਰਨ ਨੂੰ ਮਜਬੂਰ ਹੋ ਰਹੇ ਹਨ। ਇਹ ਸਰਕਾਰ ਦੀ ਨੀਤੀਆਂ ਦੀ ਅਸਫ਼ਲਤਾ ਨੂੰ ਦਰਸਾਉਂਦਾ ਹੈ। ਪੰਜਾਬ ਅੱਜ ਵੀ ਨਸ਼ੇ ਦੀ ਚਪੇਟ ਵਿੱਚ ਹੈ। ਸਾਡੇ ਨੌਜਵਾਨ, ਜੋ ਸਾਡੇ ਸਮਾਜ ਦਾ ਭਵਿੱਖ ਹਨ, ਹਰ ਰੋਜ਼ ਨਸ਼ਿਆਂ ਦੇ ਦਲਦਲ ਵਿਚ ਧੱਸਦੇ ਜਾ ਰਹੇ ਹਨ। ਇਹ ਮਾਤਰ ਇੱਕ ਸਿਹਤ ਸੰਬੰਧੀ ਸਮੱਸਿਆ ਹੀ ਨਹੀਂ, ਸਗੋਂ ਸਾਡੀ ਸਿਆਸਤ, ਅਰਥਵਿਵਸਥਾ ਅਤੇ ਸਮਾਜਕ ਢਾਂਚੇ ਲਈ ਵੀ ਇੱਕ ਗੰਭੀਰ ਚੁਣੌਤੀ ਬਣ ਚੁੱਕੀ ਹੈ।