ਬੰਗਾ : ਬੀਤੇ ਦਿਨੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ (ਅੰਡਰ-15) ਫਰੀ ਸਟਾਇਲ ਮਹਿਲਾ ਕੁਸ਼ਤੀ ਚੈਂਪੀਅਨਸ਼ਿਪ, ਨਾਗਪੁਰ ਮਹਾਂਰਾਸ਼ਟਰ ਵਿਖੇ ਕਰਵਾਈ ਗਈ ਜਿਸ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੀ ਪਹਿਲਵਾਨ ਲੜਕੀ ਹੇਜ਼ਲ ਕੌਰ ਸਪੁੱਤਰੀ ਮਾਸਟਰ ਗੁਰਨਾਮ ਰਾਮ-ਰਾਜਿੰਦਰ ਕੁਮਾਰੀ ਭਰੋ ਮਜਾਰਾ ਨੇ ਪੰਜਾਬ ਵੱਲੋਂ ਅੰਡਰ 15 ਸਾਲ 50 ਕਿਲੋਗ੍ਰਾਮ ਭਾਰ ਵਰਗ ਦੇ ਕੁਸ਼ਤੀ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਨੈਸ਼ਨਲ ਪੱਧਰ 'ਤੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੀ ਦਾ ਮੈਡਲ ਜਿੱਤ ਕੇ ਆਪਣੇ ਮਾਪਿਆਂ ਦਾ, ਅਖਾੜਾ ਬਾਹੜੋਵਾਲ ਦਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਮੈਡਲ ਜਿੱਤਣ ਉਪਰੰਤ ਅਖਾੜਾ ਬਾਹੜੋਵਾਲ ਪਹੁੰਚਣ ਚੇਅਰਮੈਨ ਮਲਕੀਤ ਸਿੰਘ ਬਾਹੜੋਵਾਲ ਵੱਲੋਂ ਨੌਜਵਾਨ ਪਹਿਲਵਾਨ ਹੇਜ਼ਲ ਕੌਰ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਸਨਮਾਨ ਕੀਤਾ । ਉਹਨਾਂ ਨੇ ਨੈਸ਼ਨਲ ਪੱਧਰ ਦੀ ਚੈਪੀਅਨਸ਼ਿੱਪ ਵਿਚੋਂ ਕਾਂਸੀ ਦਾ ਮੈਡਲ ਜਿੱਤਣ 'ਤੇ ਪਹਿਲਵਾਨ ਹੇਜ਼ਲ ਕੌਰ ਅਤੇ ਉਸ ਦੇ ਕੋਚ ਬਲਵੀਰ ਬੀਰਾ ਸੋਂਧੀ ਰਾਏਪੁਰ ਡੱਬਾ ਤੇ ਉਸ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਮਾਸਟਰ ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ ਲਾਦੀਆਂ, ਮਾਸਟਰ ਗੁਰਨਾਮ ਰਾਮ ਭਰੋਮਜਾਰਾ (ਪਿਤਾ ਜੀ ਹੇਜ਼ਲ ਕੌਰ), ਕੁਲਵੰਤ ਸਿੰਘ ਗਹਿਲ ਮਜਾਰੀ ਅਤੇ ਅਖਾੜੇ ਦੇ ਪਹਿਲਵਾਨ ਹਾਜ਼ਰ ਸਨ। ਵਰਨਣਯੋਗ ਹੈ ਕਿ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਲੜਕੇ ਅਤੇ ਲੜਕੀਆਂ ਨੂੰ ਫਰੀ ਸਟਾਈਲ ਤੇ ਗ੍ਰੀਕੋ ਰੋਮਨ ਕੁਸ਼ਤੀ ਦੀ ਮੁਫਤ ਟਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ ।