ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੀ ਸਥਿਤੀ ਨਵੀਂ ਨਹੀਂ। ਸਰਹੱਦੀ ਝੜਪਾਂ, ਰਾਜਨੀਤਕ ਬਿਆਨਬਾਜ਼ੀ ਅਤੇ ਸੱਭਿਆਚਾਰਕ ਮੁੱਦਿਆਂ ਨੇ ਸਮੇਂ-ਸਮੇਂ ’ਤੇ ਦੋਵਾਂ ਮੁਲਕਾਂ ਦੇ ਸੰਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ। ਪਹਿਲਗਾਮ ਹਮਲੇ ਵਰਗੀਆਂ ਘਟਨਾਵਾਂ ਨੇ ਇਸ ਤਣਾਅ ਨੂੰ ਹੋਰ ਤਿੱਖਾ ਕਰ ਦਿੱਤਾ, ਜਿਸ ਦਾ ਅਸਰ ਸਿਰਫ਼ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਹੀ ਨਹੀਂ, ਸਗੋਂ ਕਲਾਤਮਕ ਅਤੇ ਸੱਭਿਆਚਾਰਕ ਖੇਤਰ ’ਚ ਵੀ ਵੇਖਣ ਨੂੰ ਮਿਲਿਆ। ਇਸ ਲੇਖ ’ਚ ਅਸੀਂ ਇਸ ਸਵਾਲ ਦੀ ਪੜਚੋਲ ਕਰਾਂਗੇ ਕਿ ਜਦੋਂ ਦੇਸ਼ ਦੇ ਮਾਣ-ਸਨਮਾਨ ਦਾ ਸਵਾਲ ਖੜ੍ਹਾ ਹੁੰਦਾ ਹੈ, ਤਾਂ ਕੀ ਕਲਾਕਾਰਾਂ ਦੀ ਪਹਿਲ ਕਲਾ ਅਤੇ ਪੈਸੇ ਨੂੰ ਬਚਾਉਣੀ ਹੋਣੀ ਚਾਹੀਦੀ ਹੈ, ਜਾਂ ਆਪਣੇ ਦੇਸ਼ ਦੀ ਇੱਜ਼ਤ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ? ਖਾਸ ਕਰਕੇ, ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ਵਿਰੋਧੀ ਜ਼ਹਿਰੀਲੇ ਬਿਆਨਾਂ ਅਤੇ ਭਾਰਤੀ, ਖਾਸ ਕਰਕੇ ਪੰਜਾਬੀ ਕਲਾਕਾਰਾਂ ਦੀ ਇਸ ਸਥਿਤੀ ’ਚ ਭੂਮਿਕਾ ’ਤੇ ਚਰਚਾ ਕੀਤੀ ਜਾਵੇਗੀ।
ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ਵਿਰੋਧੀ ਬਿਆਨਾਂ ਨੇ ਇੱਕ ਨਵਾਂ ਵਿਵਾਦ ਜਨਮਿਆ। ਇਹ ਉਹੀ ਕਲਾਕਾਰ ਹਨ, ਜਿਨ੍ਹਾਂ ਦੀ ਜੀਵਿਕਾ ਦਾ ਵੱਡਾ ਹਿੱਸਾ ਭਾਰਤੀ ਸਿਨੇਮਾ, ਜਿਵੇਂ ਕਿ ਬੋਲੀਵੁੱਡ, ਟਾਲੀਵੁੱਡ ਅਤੇ ਪੰਜਾਬੀ ਫ਼ਿਲਮ ਇੰਡਸਟਰੀ, ਨਾਲ ਜੁੜਿਆ ਹੋਇਆ ਹੈ। ਬਹੁਤਾਤ ਗਿਣਤੀ ਵਿੱਚ ਪਾਕਿਸਤਾਨੀ ਕਲਾਕਾਰ ਭਾਰਤੀ ਸਿਨੇਮਾ ’ਤੇ ਨਿਰਭਰ ਹਨ। ਇਸ ਦੇ ਬਾਵਜੂਦ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋਈ, ਇਨ੍ਹਾਂ ਕਲਾਕਾਰਾਂ ਨੇ ਆਪਣੇ ਦੇਸ਼ ਦੇ ਹੱਕ ’ਚ ਖੜ੍ਹ ਕੇ ਭਾਰਤ ਵਿਰੁੱਧ ਜ਼ਹਿਰੀਲੇ ਅਤੇ ਨਫ਼ਰਤ ਭਰੇ ਬਿਆਨ ਦਿੱਤੇ। ਇਹ ਵਰਤਾਰਾ ਨਾ ਸਿਰਫ਼ ਉਨ੍ਹਾਂ ਦੀ ਦੇਸ਼ਭਗਤੀ ਨੂੰ ਦਰਸਾਉਂਦਾ ਹੈ, ਸਗੋਂ ਇੱਕ ਤਰ੍ਹਾਂ ਦੀ ਦੋਗਲੀ ਸੋਚ ਨੂੰ ਵੀ ਉਜਾਗਰ ਕਰਦਾ ਹੈ। ਜਿੱਥੇ ਇੱਕ ਪਾਸੇ ਉਹ ਭਾਰਤੀ ਸਿਨੇਮਾ ਦੀ ਸਫ਼ਲਤਾ ਨਾਲ ਆਪਣੀ ਜੀਵਿਕਾ ਚਲਾਉਂਦੇ ਹਨ, ਉੱਥੇ ਹੀ ਮੌਕਾ ਪੈਣ ’ਤੇ ਉਹ ਆਪਣੇ ਦੇਸ਼ ਦੇ ਹੱਕ ’ਚ ਖੜ੍ਹ ਜਾਂਦੇ ਹਨ, ਭਾਵੇਂ ਇਸ ਨਾਲ ਭਾਰਤ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੇ।
ਇਸ ਦੇ ਉਲਟ, ਭਾਰਤੀ ਕਲਾਕਾਰਾਂ, ਖਾਸ ਕਰਕੇ ਪੰਜਾਬ ਦੇ ਕਲਾਕਾਰਾਂ ਦਾ ਵੱਡਾ ਹਿੱਸਾ ਇਸ ਮੁੱਦੇ ’ਤੇ ਮੌਨ ਰਿਹਾ। ਜਿਵੇਂ ਕਿਹਾ ਜਾਂਦਾ ਹੈ, “ਉਨ੍ਹਾਂ ਦੇ ਮੂੰਹ ’ਚ ਦਹੀਂ ਜੰਮ ਗਿਆ ਹੋਵੇ।” ਇਹ ਮੌਨਤਾ ਨਾ ਸਿਰਫ਼ ਨਿੰਦਣਯੋਗ ਹੈ, ਸਗੋਂ ਦੇਸ਼ ਦੇ ਸਨਮਾਨ ਲਈ ਢਾਹ ਲਾਉਣ ਵਾਲੀ ਵੀ ਹੈ। ਹਾਲਾਂਕਿ, ਕੁਝ ਕਲਾਕਾਰ ਜਿਵੇਂ ਕਿ ਬੀਨੂ ਢਿੱਲੋਂ ਅਤੇ ਦੇਵ ਖਰੋੜ ਨੇ ਖੁੱਲ੍ਹ ਕੇ ਭਾਰਤ ਦੇ ਹੱਕ ’ਚ ਆਵਾਜ਼ ਉਠਾਈ ਅਤੇ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ, ਪੰਜਾਬ ਦੇ ਮੁੱਖ ਮੰਤਰੀ ਅਤੇ ਸਦਾਬਹਾਰ ਕਲਾਕਾਰ ਸ੍ਰੀ ਭਗਵੰਤ ਸਿੰਘ ਮਾਨ ਨੇ ਪਾਕਿਸਤਾਨੀ ਕਲਾਕਾਰਾਂ ਦੇ ਬਿਆਨਾਂ ਦੀ ਸਖ਼ਤ ਨਿੰਦਾ ਕਰਦਿਆਂ ਉਨ੍ਹਾਂ ਨੂੰ “ਉਨ੍ਹਾਂ ਦੀ ਹੈਸੀਅਤ ਦਾ ਅਸਲੀ ਸ਼ੀਸ਼ਾ” ਵਿਖਾਇਆ। ਇਹਨਾਂ ਕੁਝ ਕਲਾਕਾਰਾਂ ਦੀਆਂ ਕਾਰਵਾਈਆਂ ਨੇ ਸਪਸ਼ਟ ਕੀਤਾ ਕਿ ਦੇਸ਼ ਦਾ ਮਾਣ-ਸਨਮਾਨ ਕਲਾ ਅਤੇ ਪੈਸੇ ਤੋਂ ਉੱਪਰ ਹੈ।
ਪੰਜਾਬੀ ਸੱਭਿਆਚਾਰ ’ਚ ਅਕਸਰ ਇਹ ਢੰਡੋਰਾ ਪਿੱਟਿਆ ਜਾਂਦਾ ਹੈ ਕਿ “ਕਲਾ ਦੀ ਕੋਈ ਸਰਹੱਦ ਨਹੀਂ ਹੁੰਦੀ” ਅਤੇ “ਕਲਾ ਸਿਰਫ਼ ਪਿਆਰ ਵੰਡਣਾ ਜਾਣਦੀ ਹੈ।” ਪਰ ਸਵਾਲ ਇਹ ਹੈ ਕਿ ਕੀ ਇਹ ਸੋਚ ਸਿਰਫ਼ ਭਾਰਤੀ, ਖਾਸ ਕਰਕੇ ਪੰਜਾਬੀ ਕਲਾਕਾਰਾਂ ਦੀ ਹੈ? ਪਾਕਿਸਤਾਨੀ ਕਲਾਕਾਰਾਂ ’ਚ ਅਜਿਹੀ ਸੋਚ ਕਿਉਂ ਨਹੀਂ ਵਿਖਾਈ ਦਿੰਦੀ? ਜਦੋਂ ਟਕਰਾਅ ਦੀ ਸਥਿਤੀ ਆਈ, ਪਾਕਿਸਤਾਨੀ ਕਲਾਕਾਰਾਂ ਨੇ ਬਿਨਾਂ ਸੰਕੋਚ ਦੇ ਆਪਣੇ ਦੇਸ਼ ਦਾ ਸਾਥ ਦਿੱਤਾ, ਭਾਵੇਂ ਉਨ੍ਹਾਂ ਦੀ ਜੀਵਿਕਾ ਭਾਰਤ ’ਚ ਚੱਲ ਰਹੀ ਸੀ। ਇਹ ਦਰਸਾਉਂਦਾ ਹੈ ਕਿ ਉਨ੍ਹਾਂ ਲਈ ਦੇਸ਼ ਦਾ ਮਾਣ-ਸਨਮਾਨ ਕਲਾ ਅਤੇ ਪੈਸੇ ਤੋਂ ਉੱਪਰ ਸੀ। ਪਰ ਭਾਰਤ ’ਚ, ਖਾਸ ਕਰਕੇ ਪੰਜਾਬ ’ਚ, ਕਈ ਕਲਾਕਾਰ ਇਸ ਸੋਚ ਦੇ ਪਿੱਛੇ ਲੁਕ ਜਾਂਦੇ ਹਨ ਕਿ ਕਲਾ ਸਰਹੱਦਾਂ ਤੋਂ ਪਰ੍ਹੇ ਹੈ। ਇਹ ਦੋਗਲੀ ਸੋਚ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।
ਇਸ ਸੰਦਰਭ ’ਚ ਦਿਲਜੀਤ ਦੁਸਾਂਝ ਦੀ ਫ਼ਿਲਮ “ਸਰਦਾਰ ਜੀ 3” ਦਾ ਵਿਵਾਦ ਵੀ ਸਾਹਮਣੇ ਆਉਂਦਾ ਹੈ। ਇਸ ਫ਼ਿਲਮ ’ਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਸ਼ਮੂਲੀਅਤ ਕਾਰਨ ਇਹ ਫ਼ਿਲਮ ਭਾਰਤ ’ਚ ਰਿਲੀਜ਼ ਨਹੀਂ ਹੋ ਰਹੀ, ਸਗੋਂ ਵਿਦੇਸ਼ਾਂ ’ਚ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਲੋਕਾਂ ਦੇ ਵਿਚਕਾਰ ਦੋ ਧਿਰਾਂ ਸਾਹਮਣੇ ਆਈਆਂ ਹਨ – ਇੱਕ ਧਿਰ ਇਸ ਦੇ ਵਿਰੋਧ ’ਚ ਹੈ, ਜਦਕਿ ਦੂਜੀ ਧਿਰ ਦਿਲਜੀਤ ਦੇ ਹੱਕ ’ਚ ਬਿਆਨ ਦੇ ਰਹੀ ਹੈ। ਹੱਕ ’ਚ ਬਿਆਨ ਦੇਣ ਵਾਲੇ ਦਲੀਲ ਦਿੰਦੇ ਹਨ ਕਿ ਦਿਲਜੀਤ, ਇੱਕ ਸਿੱਖ ਅਤੇ ਪੰਜਾਬੀ ਕਲਾਕਾਰ ਹੋਣ ਦੇ ਨਾਤੇ, ਜਾਣਬੁੱਝ ਕੇ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਕੀ ਅਜਿਹੀ ਸੋਚ ਰੱਖਣਾ ਜਾਇਜ਼ ਹੈ? ਜਦੋਂ ਦੇਸ਼ ਦੇ ਮਾਣ-ਸਨਮਾਨ ਦਾ ਸਵਾਲ ਹੋਵੇ, ਤਾਂ ਕੀ ਕਲਾ ਨੂੰ ਇਸ ਤੋਂ ਉੱਪਰ ਰੱਖਿਆ ਜਾ ਸਕਦਾ ਹੈ? ਪਾਕਿਸਤਾਨੀ ਕਲਾਕਾਰ ਨੂੰ ਫਿਲਮ ਵਿੱਚ ਲੈਣ ਦਾ ਮਕਸਦ ਕਲਾ ਦੀ ਸਾਂਝ ਨੂੰ ਵਧਾਉਣ ਦੀ ਥਾਂ ਪੂਰੀ ਤਰ੍ਹਾਂ ਵਪਾਰਕ ਉਦੇਸ਼ ਹੁੰਦਾ ਹੈ,ਕਿਉਂਕਿ ਇਸ ਨਾਲ ਆਪਣੇ ਮੁਲਕ ਦੀ ਜਨਤਾ ਦੇ ਨਾਲ-2 ਗਵਾਂਢੀ ਮੁਲਕ ਦੀ ਕਾਲਕਾਰ ਫੈਨ ਫੋਲਵਿੰਗ ਵੀ ਮੂਵੀ ਦੇਖਦੀ ਹੈ। ਜਿਸ ਨਾਲ ਫਿਲਮ ਦੀ ਕਮਾਈ ਵਿੱਚ ਵਾਧਾ ਹੁੰਦਾ ਹੈ।
ਪੰਜਾਬੀ ਸੱਭਿਆਚਾਰ ’ਚ ਅਸੀਂ ਅਕਸਰ ਗੁਰਬਾਣੀ ਨੂੰ ਇਨਸਾਨੀਅਤ ਅਤੇ ਆਪਣੇ ਸਮਾਜਿਕ ਜੀਵਨ ਦਾ ਹਿੱਸਾ ਬਣਾਉਣ ਦੀ ਗੱਲ ਕਰਦੇ ਹਾਂ। ਗੁਰਬਾਣੀ ’ਚ ਕਿਹਾ ਗਿਆ ਹੈ, “ਸੋ ਕਿਉ ਮੰਦਾ ਆਖੀਏ ਜਿਨ ਜੰਮੇ ਰਾਜਾਨ,” ਗੁਰਬਾਣੀ ਦੀ ਇਹ ਤੁੱਕ ਔਰਤ ਦੀ ਮਹੱਤਤਾ,ਉਸ ਦੀ ਇਜ਼ਤ ਅਤੇ ਉਸਦੇ ਸਨਮਾਨ ਨੂੰ ਦਰਸਾਉਂਦੀ ਹੈ, ਪਰ ਜਦ ਉਹ ਹੀ ਔਰਤ ਆਪਣੀ ਪਸੰਦ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਅਣਖ ਦੀ ਖਾਤਰ ਅਸੀਂ ਉਸ ਦਾ ਕਤਲ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ। ਉਸ ਸਮੇਂ ਸਾਡੀ ਦਾਇਆ ਅਤੇ ਸਦਭਾਵਨਾ ਕਿਥੇ ਚੱਲੀ ਜਾਂਦੀ ਹੈ? ਜਦੋਂ ਅਸੀਂ ਆਪਣੇ ਸਮਾਜ ’ਚ ਜਾਤ-ਪਾਤ ਅਤੇ ਮਨਮੁਟਾਵ ਕਾਰਨ ਲੜਾਈਆਂ ਕਰਦੇ ਹਾਂ, ਤਾਂ ਇਹ ਸਾਂਝ ਅਤੇ ਪਿਆਰ ਭਰੀ ਸਿੱਖਿਆ ਕਿੱਥੇ ਚਲੀ ਜਾਂਦੀ ਹੈ? ਅਸੀਂ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਮੂੰਹ ’ਤੇ ਮੰਨਦੇ ਹਾਂ, ਪਰ ਜਦੋਂ ਸੰਵਿਧਾਨਕ ਜਾਤੀਗਤ ਲਾਭ ਜਾਂ ਸਿਆਸੀ ਫਾਇਦੇ ਦੀ ਗੱਲ ਆਉਂਦੀ ਹੈ, ਤਾਂ ਅਸੀਂ ਉਸੇ ਸਿੱਖਿਆ ਨੂੰ ਵਿਸਾਰ ਦਿੰਦੇ ਹਾਂ। ਇਹ ਦੋਗਲਾਪਣ ਸਾਡੀ ਸੋਚ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਇਸੇ ਤਰ੍ਹਾਂ, ਜਦੋਂ ਅਸੀਂ ਗਵਾਂਢੀ ਮੁਲਕ ਦੇ ਕਲਾਕਾਰਾਂ ਦੀ ਸਹਿਮਤੀ ’ਚ ਖੜ੍ਹਦੇ ਹਾਂ, ਤਾਂ ਅਸੀਂ ਆਪਣੇ ਸੂਰਮਿਆਂ ਦੀਆਂ ਸ਼ਹਾਦਤਾਂ ਨੂੰ ਭੁੱਲ ਜਾਂਦੇ ਹਾਂ। ਮਹਾਰਾਜਾ ਰਣਜੀਤ ਸਿੰਘ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਵਰਗੇ ਸੂਰਵੀਰ ਸਾਡੇ ਰੋਲ ਮਾਡਲ ਹਨ ਅਤੇ ਗਵਾਂਢੀ ਮੁਕਲ ਦੇ ਵੀ ਹੋਣੇ ਚਾਹੀਦੇ ਸਨ। ਪਰ ਪਾਕਿਸਤਾਨ ’ਚ ਮੁਹੰਮਦ ਗੌਰੀ, ਮਹਿਮੂਦ ਗਜ਼ਨਵੀ ਅਤੇ ਬਾਬਰ ਵਰਗੇ ਆਕਰਮਣਕਾਰੀਆਂ ਨੂੰ ਆਪਣਾ ਰੋਲ ਮਾਡਲ ਤਹਿ ਕੀਤਾ ਗਿਆ ਹੈ। ਇਹ ਵੀ ਦੁਖਦਾਈ ਸੱਚਾਈ ਹੈ ਕਿ ਲਾਹੌਰ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਵੀ ਇਸੇ ਨਫਰਤ ਕਰਕੇ ਤੋੜ ਦਿੱਤਾ ਗਿਆ, ਜੋ ਸਾਡੇ ਸਾਂਝੇ ਇਤਿਹਾਸ ਨੂੰ ਨਕਾਰਨ ਦਾ ਸਬੂਤ ਹੈ।
ਭਾਰਤ ’ਚ ਸਿੱਖ ਜਗਤ ਨੂੰ ਹਮੇਸ਼ਾ ਬਣਦਾ ਸਨਮਾਨ ਦਿੱਤਾ ਜਾਂਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਾਰ-ਵਾਰ ਸਿੱਖ ਕੌਮ ਦੀਆਂ ਸੇਵਾਵਾਂ ਅਤੇ ਸ਼ਹਾਦਤਾਂ ਨੂੰ ਸਰਾਹਿਆ ਹੈ। ਦਿਲਜੀਤ ਦੁਸਾਂਝ, ਜਿਨ੍ਹਾਂ ਨੇ ਆਪਣੀ ਕਲਾ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ, ਨੂੰ ਵੀ ਪ੍ਰਧਾਨ ਮੰਤਰੀ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਹ ਦਰਸਾਉਂਦਾ ਹੈ ਕਿ ਦੇਸ਼ ਦਾ ਸਨਮਾਨ ਅਤੇ 2 ਪ੍ਰਤੀਸ਼ਤ ਸਿੱਖ ਭਾਈਚਾਰੇ ਦੀ ਇੱਜ਼ਤ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਭਾਰਤ ਵਿੱਚ ਵੱਡੇ ਤੋਂ ਵੱਡੇ ਅੁਹਦੇ ਤੇ ਸਿੱਖ ਜਗਤ ਦੀ ਸਰਦਾਰੀ ਸੀ ,ਹੈ ਅਤੇ ਰਹੇਗੀ। ਫਿਰ ਸਵਾਲ ਇਹ ਉੱਠਦਾ ਹੈ ਕਿ “ਸਾਡੀ ਏਡੀ ਕਿਹੜੀ ਕਿਹੜੀ ਬੇਲਣੇ ’ਚ ਬਾਂਹ ਫਸੀ ਹੋਈ ਹੈ” ਕਿ ਅਸੀਂ ਗਵਾਂਢੀ ਮੁਲਕ ਦੇ ਹੱਕ ’ਚ ਉਸ ਦੇ ਨਾਗਰਿਕਾਂ ਨਾਲੋਂ ਵੀ ਜ਼ਿਆਦਾ ਸਟੈਂਡ ਲੈਂਦੇ ਹਾਂ?
ਇਸ ਸਾਰੀ ਚਰਚਾ ਦਾ ਸਾਰ ਇਹ ਹੈ ਕਿ ਸਾਨੂੰ ਆਪਣੀ ਸੋਚ ’ਚ ਸਪਸ਼ਟਤਾ ਲਿਆਉਣ ਦੀ ਲੋੜ ਹੈ। ਕਲਾ ਅਤੇ ਪੈਸਾ ਮਹੱਤਵਪੂਰਨ ਹਨ, ਪਰ ਜਦੋਂ ਦੇਸ਼ ਦੇ ਮਾਣ-ਸਨਮਾਨ ਦਾ ਸਵਾਲ ਹੋਵੇ, ਤਾਂ ਸਾਡੀ ਪਹਿਲ ਦੇਸ਼ ਹੋਣੀ ਚਾਹੀਦੀ ਹੈ। ਗੁਰਬਾਣੀ ਦੀ ਸਿੱਖਿਆ ਸਾਨੂੰ ਸਮਾਨਤਾ ਅਤੇ ਪਿਆਰ ਦਾ ਸੁਨੇਹਾ ਦਿੰਦੀ ਹੈ, ਪਰ ਇਹ ਸੁਨੇਹਾ ਉਦੋਂ ਹੀ ਅਰਥਪੂਰਨ ਹੈ, ਜਦੋਂ ਅਸੀਂ ਆਪਣੇ ਦੇਸ਼ ਅਤੇ ਸੱਭਿਆਚਾਰ ਦੀ ਇੱਜ਼ਤ ਨੂੰ ਸਭ ਤੋਂ ਉੱਪਰ ਰੱਖੀਏ। ਸਾਨੂੰ ਆਪਣੇ ਦੋਗਲੇਪਣ ਨੂੰ ਤਿਆਗ ਕੇ ਇੱਕ ਅਜਿਹੀ ਸੋਚ ਅਪਣਾਉਣੀ ਚਾਹੀਦੀ ਹੈ, ਜੋ ਸਾਡੀ ਅਗਲੀ ਪੀੜ੍ਹੀ ਲਈ ਰੋਲ ਮਾਡਲ ਬਣ ਸਕੇ। ਅੰਤ ’ਚ, ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਸਾਡੇ ਲਈ ਪਹਿਲਾਂ ਕੀ ਹੈ – ਦੇਸ਼ ਜਾਂ ਕਲਾਕਾਰ ਅਤੇ ਪੈਸਾ? ਜੇ ਅਸੀਂ ਆਪਣੇ ਦੇਸ਼ ਦੇ ਮਾਣ-ਸਨਮਾਨ ਨੂੰ ਸਭ ਤੋਂ ਉੱਪਰ ਨਹੀਂ ਰੱਖ ਸਕਦੇ, ਤਾਂ ਸਾਡੀ ਕਲਾ ਅਤੇ ਪੈਸੇ ਦੀ ਕਮਾਈ ਵੀ ਬੇਅਰਥ ਹੈ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ