ਪਟਿਆਲਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਖੇਡ ਅਫਸਰ ਪਟਿਆਲਾ ਸ੍ਰੀ ਹਰਪਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2024 ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ।ਖੇਡਾਂ ਵਤਨ ਪੰਜਾਬ ਦੀਆਂ-2024 ਦਾ ਜੂਡੋ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਨਵੀਨਰ ਸ੍ਰੀ ਸੁਰਜੀਤ ਸਿੰਘ ਵਾਲੀਆ ਜੀ ਅਤੇ ਕੋਕਨਵੀਨਰ ਸ੍ਰੀ ਮਨਦੀਪ ਕੁਮਾਰ ਜੀ ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਵਿੱਚ ਹਰ ਉਮਰ ਵਰਗ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ।ਹਰ ਖਿਡਾਰੀ ਨੇ ਇਸ ਟੂਰਨਾਮੈਂਟ ਵਿੱਚ ਆਪਣੇ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ।ਜਿੱਥੇ ਇੱਕ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਦੂਜੇ ਪਾਸੇ ਯੂਨੀਵਰਸਿਟੀ ਦੇ ਕਰਮਚਾਰੀ ਵੀ ਖੇਡਾਂ ਵਿੱਚ ਆਪਣਾ ਲੋਹਾ ਮਨਵਾ ਰਹੇ ਹਨ।ਸ੍ਰੀ ਮਤੀ ਪਰਮਜੀਤ ਕੌਰ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਦਾ ਵਣ ਤ੍ਰਿਣਜੀਵਜੰਤ ਮੁੜ ਬਹਾਲੀ ਕੇਂਦਰ ਵਿਭਾਗ ਵਿੱਚ ਬਤੌਰ ਸੀਨੀਅਰ ਸਹਾਇਕ ਕੰਮ ਕਰ ਰਹੇ ਹਨ, ਨੇ ਵੀ ਇਸ ਟੂਰਨਾਮੈਂਟ ਵਿੱਚ ਭਾਗ ਲਿਆ।ਸ੍ਰੀ ਮਤੀ ਪਰਮਜੀਤ ਕੌਰ ਨੇ ਆਪਣੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜੂਡੋ ਦੇ 21+ ਸਾਲ ਉਮਰ ਵਰਗ ਵਿੱਚ ਗੋਲਡ ਮੈਡਲ ਹਾਸਲ ਕੀਤਾ।ਸ੍ਰੀ ਮਤੀ ਪਰਮਜੀਤ ਕੌਰ ਦੇ ਕੋਚ ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਇਸ ਈਵੈਂਟ ਦੀ ਤਿਆਰੀ ਕਰ ਰਹੀ ਸੀ ਅਤੇ ਇਸ ਦੇ ਨਤੀਜੇ ਵੱਜੋ ਇਹ ਸ਼ਾਨਦਾਰ ਸਫਲਤਾ ਪ੍ਰਾਪਤ ਹੋਈ ਹੈ।ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਸ੍ਰੀਮਤੀ ਪਰਮਜੀਤ ਕੌਰ ਨੇ ਪਿਛਲੇ ਸਾਲ ਵੀ ਖੇਡਾਂ ਵਤਨ ਪੰਜਾਬ ਦੀਆਂ-2023 ਵਿੱਚ ਜ਼ਿਲ੍ਹਾ ਪੱਧਰ ਤੇ ਗੋਲਡ ਮੈਡਲ ਹਾਸਲ ਕੀਤਾ ਸੀ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਸ ਸਾਲ ਸ੍ਰੀ ਮਤੀ ਪਰਮਜੀਤ ਕੌਰ ਸਟੇਟ ਪੱਧਰ ਤੇ ਵੀ ਚੰਗਾ ਪ੍ਰਦਰਸ਼ਨ ਕਰੇਗੀ। ਇਸ ਟੂਰਨਾਮੈਂਟ ਮੌਕੇ ਸ੍ਰੀ ਮਲਕੀਤ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਮਨਦੀਪ ਸਿੰਘ, ਸ੍ਰੀ ਅਰੁਣ ਕੁਮਾਰ, ਸ੍ਰੀ ਮਤੀ ਬਨੀਤਾ ਰਾਣੀ, ਸ੍ਰੀ ਮਤੀ ਰਜਨੀ ਠਾਕੁਰ ਅਤੇ ਹੋਰ ਕੋਚ ਮੌਜੂਦ ਸਨ।