1947 ਦੀ ਵੰਡ ਅਸਲ ਵਿੱਚ ਸੀ ਪੰਜਾਬ ਵੰਡ: ਡਾ. ਇਸ਼ਤਿਆਕ ਅਹਿਮਦ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇਸ ਦੇ ਉਨ੍ਹਾਂ ਚੋਣਵਿਆਂ ਅਦਾਰਿਆਂ ਵਿੱਚੋਂ ਇੱਕ ਹੈ ਜਿੱਥੇ ਹਰ ਤਰ੍ਹਾਂ ਦੇ ਖਿ਼ਆਲ ਬਾਰੇ ਖੁੱਲ੍ਹ ਕੇ ਗੱਲ ਕੀਤੀ ਜਾ ਸਕਦੀ ਹੈ। ਬਹੁਤ ਘੱਟ ਅਦਾਰੇ ਹੁੰਦੇ ਹਨ ਜਿੱਥੇ ਹਰ ਵਿਚਾਰ ਲਈ ਅਜਿਹਾ ਢੁਕਵਾਂ ਮੰਚ ਪ੍ਰਦਾਨ ਹੋਵੇ।’ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ 'ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਭਾਸ਼ਣ' ਦੀ ਪ੍ਰਧਾਨਗੀ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਯੂਨੀਵਰਿਸਟੀਆਂ ਵਿੱਚ ਅਜਿਹੇ ਮਾਹੌਲ ਦੀ ਬਰਕਰਾਰੀ ਲਈ ਨਿਰੰਤਰ ਯਤਨ ਕੀਤੇ ਜਾਣੇ ਚਾਹੀਦੇ ਹਨ। ਡਾ. ਇਸ਼ਤਿਆਕ ਅਹਿਮਦ ਵੱਲੋਂ ਦਿੱਤਾ ਗਿਆ 'ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਭਾਸ਼ਣ' ਇਸੇ ਦਿਸ਼ਾ ਵਿੱਚ ਇੱੱਕ ਇੱਕ ਯਤਨ ਹੈ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਇਹ ਭਾਸ਼ਣ ਇਸ ਵਾਰ ਸਟਾਕਹੋਮ ਯੂਨੀਵਰਸਿਟੀ, ਸਵੀਡਨ ਦੇ ਪ੍ਰੋਫ਼ੈਸਰ ਐਮੀਰੀਟਸ ਡਾ. ਇਸ਼ਤਿਆਕ ਅਹਿਮਦ ਨੇ ਦਿੱਤਾ।ਉਨ੍ਹਾਂ 'ਮਨੁੱਖੀ ਪਛਾਣ ਦੀ ਪੇਚੀਦਗੀ: ਦੱਖਣੀ ਏਸ਼ੀਆ ਦਾ ਤਜਰਬਾ' ਵਿਸ਼ੇ ਉੱਤੇ ਆਪਣੀ ਗੱਲ ਕੀਤੀ।

ਉਨ੍ਹਾਂ ਦੇਸ ਵੰਡ ਅਤੇ ਮਨੁੱਖੀ ਫਿ਼ਤਰਤ ਦੇ ਹਵਾਲੇ ਨਾਲ਼ ਬਹੁਤ ਸਾਰੀਆਂ ਅਹਿਮ ਟਿੱਪਣੀਆਂ ਕਰਦਿਆਂ ਤਕਰੀਬਨ 3000 ਸਾਲ ਪੁਰਾਣੇ ਮਨੁੱਖੀ ਇਤਿਹਾਸ ਵਿੱਚੋਂ ਉਦਾਹਰਣਾਂ ਪੇਸ਼ ਕੀਤੀਆਂ। ਮਹਾਤਮਾ ਬੁੱਧ ਤੋਂ ਲੈ ਕੇ ਹੁਣ ਤਕ ਦੇ ਸਮੇਂ ਵਿੱਚ ਦੱਖਣੀ ਏਸ਼ੀਆਈ ਖਿੱਤੇ ਵਿੱਚ ਮਨੁੱਖੀ ਪਛਾਣਾਂ ਅਤੇ ਇਸ ਨਾਲ਼ ਜੁੜੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ 1947 ਦੀ ਵੰਡ ਦੇਸ ਦੀ ਵੰਡ ਨਹੀਂ ਸੀ ਬਲਕਿ ਅਸਲ ਅਰਥਾਂ ਵਿੱਚ ਵੇਖਿਆ ਜਾਵੇ ਤਾਂ ਇਹ ਪੰਜਾਬ ਦੀ ਵੰਡ ਸੀ। ਉਨ੍ਹਾਂ ਵੱਖ-ਵੱਖ ਮਿਸਾਲਾਂ ਅਤੇ ਤਰਕਾਂ ਦੇ ਹਵਾਲੇ ਨਾਲ਼ ਦੱਸਿਆ ਕਿ ਦੇਸ ਵੰਡ ਸਮੇਂ ਜਿੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਗਈਆਂ ਸਨ ਉਹ ਗਿਣਤੀ ਰਿਕਾਰਡ ਵਿੱਚ ਵਿਖਾਏ ਗਏ ਅੰਕੜਿਆਂ ਤੋਂ ਕਿਤੇ ਜਿ਼ਆਦਾ ਸੀ। ਇੱਕ ਹੋਰ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਮਨੁੱਖੀ ਫਿ਼ਤਰਤ ਦਾ ਹੀ ਸ਼ਾਇਦ ਕੋਈ ਵਿਕਾਰ ਹੈ ਕਿ ਉਹ ਖੁਦ ਅੱਤਿਆਚਾਰ ਦਾ ਪੀੜਿਤ ਰਿਹਾ ਹੋਣ ਦੇ ਬਾਵਜੂਦ ਬਾਅਦ ਵਿੱਚ ਹੋਰਾਂ ਉੱਤੇ ਅੱਿਤਆਚਾਰ ਕਰਦਿਆਂ ਸੰਕੋਚ ਨਹੀਂ ਕਰਦਾ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰੋ. ਹਰਿਭਜਨ ਸਿੰਘ ਭਾਟੀਆ ਨੇ ਕਿਹਾ ਕਿ ਯੂਨੀਵਰਸਿਟੀਆਂ ਉਹ ਥਾਂ ਹੁੰਦੀਆਂ ਹਨ ਜਿੱਥੇ ਸਹਿਣਸ਼ੀਲਤਾ ਅਤੇ ਸੰਵਾਦ ਵਾਲ਼ਾ ਮਾਹੌਲ ਹੋਵੇ। ਡਾ. ਇਸ਼ਤਿਆਕ ਅਹਿਮਦ ਦੇ ਭਾਸ਼ਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਮਹਿਸੂਸ ਕੀਤੀਆਂ ਧਾਰਨਾਵਾਂ ਨਾਲ਼ ਭਰਪੂਰ ਪਾਏਦਾਰ ਗੱਲਾਂ ਸਭ ਦੇ ਸਾਹਮਣੇ ਰੱਖੀਆਂ ਹਨ।

ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਿਲ ਹੋਏ ਪ੍ਰੋ. ਰਾਜੇਸ਼ ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ।
ਪ੍ਰੋਗਰਾਮ ਕੋਆਰਡੀਨੇਟਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਇਸ ਲੜੀ ਦਾ ਪੰਜਵਾਂ ਭਾਸ਼ਣ ਹੈ। ਉਨ੍ਹਾਂ ਦੱਸਿਆ ਕਿ ਇਸ ਲੜੀ ਦਾ ਸਭ ਤੋਂ ਪਹਿਲਾ ਭਾਸ਼ਣ ਉੱਘੇ ਪਾਕਿਸਤਾਨੀ ਕਵੀ ਅਤੇ ਵਿਦਵਾਨ ਅਹਿਮਦ ਸਲੀਮ ਨੇ ਦਿੱਤਾ ਸੀ। ਅਗਲੇ ਸਾਲ ਇਸ ਲੜੀ ਦਾ ਦੂਜਾ ਭਾਸ਼ਣ ਦਿੱਲੀ ਯੂਨੀਵਰਸਿਟੀ ਤੋਂ ਪ੍ਰੋ. ਅਪੂਰਵਾ ਨੰਦ ਨੇ, ਤੀਜੇ ਸਾਲ ਲਖਨਊ ਤੋਂ ਪੁੱਜੇ ਹਿੰਦੀ ਦੇ ਕਵੀ ਅਤੇ ਚਿੰਤਕ ਨਰੇਸ਼ ਸਕਸੈਨਾ ਨੇ ਅਤੇ ਚੌਥਾ ਭਾਸ਼ਣ ਉੱਘੇ ਕਾਲਮਨਵੀਸ ਅਤੇ ਰਾਜਨੀਤਿਕ ਅਰਥਚਾਰੇ ਦੇ ਵਿਸ਼ੇਸ਼ ਮਾਹਿਰ ਪੀ. ਸਾਈਨਾਥ ਨੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪ੍ਰੋ. ਰਵਿੰਦਰ ਸਿੰਘ ਰਵੀ ਦੇ ਵਿਦਿਆਰਥੀਆਂ, ਦੋਸਤਾਂ ਅਤੇ ਉਹਨਾਂ ਨੂੰ ਚਾਹੁਣ ਵਾਲ਼ੇ ਲੋਕਾਂ ਵੱਲੋਂ ਇਕੱਠੇ ਕੀਤੇ ਗਏ ਦੋ ਲੱਖ ਰੁਪਏ ਦੇ ਕੌਰਪਸ ਫੰਡ ਵਿੱਚੋਂ ਹਰ ਸਾਲ ਇਹ ਭਾਸ਼ਣ ਕਰਵਾਇਆ ਜਾਂਦਾ ਹੈ। ਡਾ. ਰਵਿੰਦਰ ਸਿੰਘ ਰਵੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਆਪਣੇ ਸਮੇਂ ਦੇ ਉੱਘੇ ਲੇਖਕ ਅਤੇ ਵਿਦਵਾਨ ਸਨ।ਧਰਮ ਨਿਰਪੱਖ ਕਦਰਾਂ ਕੀਮਤਾਂ ਦੀ ਰਾਖੀ ਕਰਦਿਆਂ ਉਹ 1989 ਵਿੱਚ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਪੀ-ਐੱਚ.ਡੀ. ਵਿਦਿਆਰਥੀ ਹੋਣ ਦਾ ਮਾਣ ਹਾਸਲ ਹੈ। ਉਨ੍ਹਾਂ ਰਾਮ-ਕਾਵਿ ਉੱਤੇ ਆਪਣੀ ਪੀ-ਐੱਚ.ਡੀ. ਕੀਤੀ ਸੀ। ਉਨ੍ਹਾਂ ਵੱਲੋਂ ਰਚਿਤ ਪ੍ਰਮੁੱਖ ਪੁਸਤਕਾਂ ਵਿੱਚ 'ਵਿਰਸਾ ਤੇ ਵਰਤਮਾਨ', 'ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ' ਅਤੇ 'ਰਵੀ ਚੇਤਨਾ' ਸ਼ਾਮਿਲ ਹਨ ਜੋ ਆਪਣੇ ਉੱਚੇ ਮਿਆਰ ਕਾਰਨ ਅੱਜ ਵੀ ਓਨੀਆਂ ਹੀ ਪ੍ਰਸੰਗਿਕ ਹਨ।
ਸਵਾਗਤੀ ਭਾਸ਼ਣ ਡਾ. ਗੁਰਮੁਖ ਸਿੰਘ ਨੇ ਦਿੱਤਾ ਜਦੋਂ ਕਿ ਧੰਨਵਾਦੀ ਸ਼ਬਦ ਦਲਜੀਤ ਅਮੀ ਵੱਲੋਂ ਬੋਲੇ ਗਏ।