ਸੁਨਾਮ : ਥਾਣਾ ਚੀਮਾਂ ਅਧੀਨ ਪੈਂਦੇ ਸੁਨਾਮ ਨੇੜਲੇ ਪਿੰਡ ਨਮੋਲ ਵਿਖੇ ਲੰਘੀ ਰਾਤ ਚੋਰਾਂ ਨੇ ਇੱਕ ਕਿਸਾਨ ਦੇ ਘਰ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਚੋਰ 92 ਤੋਲੇ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ ਨਕਦੀ ਲੈ ਕੇ ਫ਼ਰਾਰ ਹੋ ਗਏ। ਘਟਨਾ ਬਾਰੇ ਜਾਣਕਾਰੀ ਦਿੰਦਿਆ ਘਰ ਦੇ ਮਾਲਕ ਨੰਬਰਦਾਰ ਭੋਲਾ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਚੋਰਾਂ ਨੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਗਏ ਹਨ। ਉਨ੍ਹਾਂ ਆਖਿਆ ਕਿ ਇਸ ਸਮੇਂ ਉਹ ਪਰਿਵਾਰ ਸਮੇਤ ਘਰ ਦੇ ਇੱਕ ਕਮਰੇ 'ਚ ਸੁੱਤੇ ਪਏ ਸਨ ਤਾਂ ਚੋਰ ਛੱਤ ਉਪਰ ਦੀ ਪੌੜੀਆਂ ਜਰੀਏ ਉਨਾਂ ਦੇ ਘਰ 'ਚ ਦਾਖਲ ਹੋਏ ਅਤੇ ਘਰ ਦੇ ਸਟੋਰ (ਪੇਟੀਆਂ ਵਾਲੇ) ਕਮਰੇ 'ਚੋਂ ਪੇਟੀ ਦਾ ਜਿੰਦਰਾ ਤੋੜਕੇ ਕਰੀਬ 92 ਤੋਲੇ ਸੋਨੇ ਦੇ ਗਹਿਣੇ, 2 ਲੱਖ 40 ਹਜ਼ਾਰ ਰੁਪਏ ਦੀ ਰਕਮ ਸਮੇਤ ਕੁੱਝ ਵਿਦੇਸੀ ਕਰੰਸੀ ਲੈ ਗਏ। ਉਨਾਂ ਕਿਹਾ ਚੋਰੀ ਦੀ ਘਟਨਾ ਦਾ ਉਨਾਂ ਨੂੰ ਅੱਜ ਸਵੇਰੇ ਕਰੀਬ ਪੌਣੇ ਤਿੰਨ ਵਜੇ ਉੱਠਣ ਸਮੇਂ ਪਤਾ ਲੱਗਿਆ। ਪਿੰਡ ਨਮੋਲ ਵਿਖੇ ਵਾਪਰੀ ਚੋਰੀ ਦੀ ਵੱਡੀ ਘਟਨਾ ਕਾਰਨ ਇਲਾਕੇ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਨੰਬਰਦਾਰ ਭੋਲਾ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਪੁਲਿਸ ਥਾਣਾ ਚੀਮਾਂ ਦੇ ਐਸ ਐਚ ਓ ਇੰਸਪੈਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਹੁਣੇ ਹੀ ਉਨਾਂ ਦੇ ਧਿਆਨ ਵਿਚ ਆਇਆ ਹੈ ਪੁਲਿਸ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਪੈੜ ਨੱਪਣ ਲਈ ਸਰਗਰਮੀ ਨਾਲ ਭਾਲ ਕਰ ਰਹੀ ਹੈ।