ਵਿਰਾਸਤ ਨੂੰ ਸੰਭਾਲਣਾ ਸਮੇਂ ਦੀ ਲੋੜ : ਚੇਅਰਮੈਨ
ਸੁਨਾਮ : ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ਼ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਮੁੰਡੇ ਅਤੇ ਕੁੜੀਆਂ ਨੇ ਗਿੱਧਾ ਅਤੇ ਭੰਗੜਾ ਪਾਕੇ ਖ਼ੂਬ ਰੰਗ ਬੰਨ੍ਹਿਆ। ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਦੀ ਝਲਕ ਸਪਸ਼ਟ ਦਿਖਾਈ ਦੇ ਰਹੀ ਸੀ। ਪੰਜਾਬੀ ਲੋਕ ਪ੍ਰੰਪਰਾ ਨੂੰ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਿੱਧੇ ਅਤੇ ਭੰਗੜੇ ਰਾਹੀਂ ਪੇਸ਼ ਕੀਤਾ। ਸਕੂਲ ਦੇ ਆਡੀਟੋਰੀਅਮ ਹਾਲ ਵਿੱਚ ਕਰਵਾਏ ਸਮਾਗਮ ਵਿੱਚ ਚੱਲ ਰਹੀਆਂ ਪੇਸ਼ਕਾਰੀਆਂ ਦੇਖਕੇ ਸਰੋਤੇ ਅਸ਼ ਅਸ਼ ਕਰ ਉੱਠੇ। ਪੰਜਵੀਂ ਜਮਾਤ ਦੇ ਵਿਦਿਆਰਥੀ ਅਸ਼ਰਾਜ ਪ੍ਰਤਾਪ ਸਿੰਘ ਅਤੇ ਅਵਨੀਤ ਕੌਰ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਵਿਦਿਆਰਥੀ ਗਿੱਧੇ ਅਤੇ ਭੰਗੜੇ ਦੇ ਪਹਿਰਾਵੇ ਵਿੱਚ ਸੋਹਣੇ ਲੱਗ ਰਹੇ ਸਨ। ਵਿਦਿਆਰਥਣਾਂ ਨੇ ਤੀਆਂ ਨਾਲ ਸੰਬੰਧਿਤ ਪਲੇਅ ਕੀਤਾ ਅਤੇ ਬੋਲੀਆਂ ਪਾਈਆਂ। ਉਨਾਂ ਨੇ ਮੰਚ ਉੱਤੇ ਚਰਖਾ, ਪੱਖੀਆਂ, ਚੱਕੀ, ਫੁਲਕਾਰੀਆਂ ਅਤੇ ਕਿੱਕਲੀ ਪਾਉਂਦੇ ਹੋਏ ਪੂਰੇ ਪੰਜਾਬੀ ਸੱਭਿਆਚਾਰ ਨੂੰ ਦਰਸਾਇਆ।
ਸਾਵਣ ਦੀ ਰੁੱਤ, ਚੁੰਨੀਆਂ ਦੀ ਛਾਂ ਤੇ ਗਿੱਧੇ ਦੀਆਂ ਤਾਲਾਂ ਰਾਹੀਂ ਮੁਟਿਆਰਾਂ ਨੇ ਧਮਾਲ ਹੀ ਪਾ ਦਿੱਤੀ। ਗਿੱਧੇ ਅਤੇ ਭੰਗੜੇ ਦੀ ਤਿਆਰੀ ਮਿਊਜ਼ਿਕ ਟੀਚਰ ਮਿਸ ਕੌਸ਼ਲ, ਡਾਂਸ ਟੀਚਰ ਮਿਸ ਅਮਨਦੀਪ, ਮਿਸ ਹਰਿੰਦਰ ਕੌਰ, ਮਿਸ ਕਨਿਕਾ ਅਤੇ ਮਿਸ ਰੁਪਿੰਦਰ ਕੌਰ ਵੱਲੋਂ ਕਰਵਾਈ ਗਈ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਮਿਹਨਤ ਦੀ ਤਾਰੀਫ਼ ਕਰਦਿਆਂ ਕਿਹਾ "ਅਜਿਹੇ ਪ੍ਰੋਗਰਾਮ ਬੱਚਿਆਂ ਵਿੱਚ ਸਾਂਝੀ ਸੰਸਕ੍ਰਿਤੀ ਲਈ ਪਿਆਰ ਤੇ ਆਦਰ ਪੈਦਾ ਕਰਦੇ ਹਨ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਕੇ ਰੱਖਣ ਲਈ ਅਜਿਹੇ ਪ੍ਰੋਗਰਾਮ ਕਰਵਾਉਣੇ ਜ਼ਰੂਰੀ ਹਨ। ਤੀਆਂ ਇੱਕ ਅਜਿਹਾ ਤਿਉਹਾਰ ਹੈ ਜੋ ਨਾਰੀ ਸ਼ਕਤੀ ਨੂੰ ਉਜਾਗਰ ਕਰਦਾ ਹੈ ਇਹ ਸੱਜਣ-ਸਿੰਗਾਰ, ਗਿੱਧਾ ਤੇ ਸਾਂਝੇ ਸਨੇਹ ਦਾ ਪੂਰਾ ਜਸ਼ਨ ਹੁੰਦਾ ਹੈ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ਼ ਜੋੜੀਏ।"