ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਯੂਨੀਵਰਸਿਟੀ ਕੈਂਪਸ ਵਿਚਲੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਸਾਇੰਸ ਆਡੀਟੋਰੀਅਮ ਵਿਚ ਹੋਈ ਇਸ ਮੀਟਿੰਗ ਵਿਚ ਵਿਭਾਗ ਮੁਖੀਆਂ ਨੂੰ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦਾ ਹਿੱਸਾ ਬਣ ਕੇ ਉਹ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੁਣੌਤੀਆਂ ਹਰ ਅਦਾਰੇ ਦਾ ਇਕ ਹਿੱਸਾ ਹੁੰਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਲਈ ਮਿਲ ਕੇ ਹੱਲ ਲੱਭੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਸਾਰਿਆਂ ਨਾਲ਼ ਇਕੱਠੇ ਹੋ ਕੇ ਚੱਲਿਆ ਜਾਵੇ ਤਾਂ ਜੋ ਯੂਨੀਵਰਸਿਟੀ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਲਦੀ ਹੀ ਬਾਹਰ ਆਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਕ ਸੁਚਾਰੂ ਸੋਚ ਪ੍ਰਣਾਲੀ ਨਾਲ਼ ਵਖ-ਵਖ ਵਸੀਲਿਆਂ ਰਾਹੀਂ ਵਿੱਤੀ ਸਰੋਤ ਪੈਦਾ ਕੀਤੇ ਜਾਣ ਦੇ ਅਵਸਰ ਤਲਾਸ਼ ਕੀਤੇ ਜਾਣਗੇ। ਇਸ ਮੌਕੇ ਬੋਲਦਿਆਂ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੀਆਂ ਭਵਿੱਖੀ ਰਣਨੀਤੀਆਂ ਅਤੇ ਯੋਜਨਾਵਾਂ ਉਲੀਕਣ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਨਵੇਂ ਰੁਝਾਨਾਂ ਦੇ ਮੱਦੇਨਜ਼ਰ ਸਾਨੂੰ ਆਪਣੇ ਅਕਦਮਿਕ ਮਿਆਰ ਸੰਬੰਧੀ ਨਿਰੰਤਰ ਮੁਲਾਂਕਣ ਕਰਨ ਦੀ ਲੋੜ ਹੋਵੇਗੀ। ਇਸ ਕੋਵਿਡ -19 ਮਹਾਂਮਾਰੀ ਦੌਰਾਨ ਆਨਲਾਈਨ ਸਿੱਖਿਆ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ
ਸਿੱਖਣ ਦੀ ਇਸ ਪ੍ਰਕਿਰਿਆ ਵਿਚ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਵਧਾਉਣ ਹਿਤ ਫਲਿਪਡ ਟੀਚਿੰਗ/ਰਿਵਰਸ ਟੀਚਿੰਗ ਜਿਹੀਆਂ ਵਿਧੀਆਂ ਦੀ ਵਰਤੋਂ ਨੂੰ ਵਧਾਇਆ ਜਾ ਸਕਦਾ ਹੈ ਕਿਓਂਕਿ ਅਜਿਹਾ ਕਰਨਾ ਵਿਦਿਆਰਥੀਆਂ ਨਾਲ਼ ਵਿਚਾਰ ਵਟਾਂਦਰੇ ਦੇ ਲਿਹਾਜ਼ ਨਾਲ ਵਧੇਰੇ ਸਹਾਈ ਹੁੰਦਾ ਹੈ।
ਇਸ ਮੀਟਿੰਗ ਵਿਚ ਉਨ੍ਹਾਂ ਵੱਲੋਂ ਵਖ-ਵਖ ਵਿਭਾਗਾਂ ਦੇ ਚੱਲ ਰਹੇ ਕਾਰਜਾਂ , ਪ੍ਰਾਪਤੀਆਂ ਅਤੇ ਚੁਣੌਤੀਆਂ ਆਦਿ ਬਾਰੇ ਵਿਸਥਾਰ ਵਿਚ ਜਾਣਿਆ ਗਿਆ। ਇਸ ਮੌਕੇ ਵਖ-ਵਖ ਵਿਭਾਗਾਂ ਦੇ ਮੁਖੀਆਂ ਵੱਲੋਂ ਆਪਣੇ ਕੰਮਾਂ ਅਤੇ ਚੁਣੌਤੀਆਂ ਨੂੰ ਲੈ ਕੇ ਉਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ, ਰਜਿਸਟਰਾਰ ਡਾ. ਵਰਿੰਦਰ ਕੌਸਿ਼ਕ ਅਤੇ ਡੀਨ ਖੋਜ ਡਾ. ਗੁਰਦੀਪ ਸਿੰਘ ਬਤਰਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।