ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) : ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਅੱਜ ਆਪਣੇ ਪਿੰਡ ਬਾਕਰਪੁਰ ਟੈਂਕੀ ਵਿਖੇ ਜਨਗਣਨਾ 2027 ਦੇ ਪਹਿਲੇ ਪੜਾਅ ‘ਸਵੈ-ਗਣਨਾ’ ਦਾ ਉਦਘਾਟਨ ਕਰਦੇ ਹੋਏ ਡਿਜੀਟਲ ਪੋਰਟਲ ਰਾਹੀਂ ਆਪਣੀ ਸਵੈ-ਗਣਨਾ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਹਲਕਾ ਡੇਰਾਬੱਸੀ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਤਕਨਾਲੋਜੀ ਅਧਾਰਿਤ ਜਨਗਣਨਾ ਵਿੱਚ ਵੱਧ-ਚੜ੍ਹ ਕੇ ਭਾਗ ਲੈਣ, ਤਾਂ ਜੋ ਸਹੀ ਅਤੇ ਅਧੁਨਿਕ ਅੰਕੜਿਆਂ ਦੇ ਆਧਾਰ ‘ਤੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲ ਸਕੇ। ਉਨ੍ਹਾਂ ਕਿਹਾ ਕਿ ਹਰ ਇੱਕ ਨਾਗਰਿਕ ਦੀ ਜਾਣਕਾਰੀ ਸੂਬੇ ਦੀ ਤਰੱਕੀ ਲਈ ਬੇਹੱਦ ਮਹੱਤਵਪੂਰਨ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਤਰੱਕੀਸ਼ੀਲ ਅਤੇ ਆਧੁਨਿਕ ਪੰਜਾਬ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਨਾਗਰਿਕ se.census.gov.in ਪੋਰਟਲ ‘ਤੇ ਜਾ ਕੇ ਆਪਣੀ ਮੁੱਢਲੀ ਜਾਣਕਾਰੀ ਭਰ ਸਕਦਾ ਹੈ, ਜਿਸ ਵਿੱਚ ਲੋੜ ਪੈਣ ‘ਤੇ ਬਾਅਦ ਵਿੱਚ ਸੋਧ ਵੀ ਕਰਵਾਈ ਜਾ ਸਕਦੀ ਹੈ। ਇਹ ਸਵੈ-ਗਣਨਾ ਪ੍ਰਕਿਰਿਆ 30 ਅਪ੍ਰੈਲ ਤੋਂ 14 ਮਈ ਤੱਕ ਚੱਲੇਗੀ। ਇਸ ਤੋਂ ਬਾਅਦ 15 ਮਈ ਤੋਂ 13 ਜੂਨ ਤੱਕ ਗਣਨਕਾਰ ਘਰ-ਘਰ ਦੌਰਾ ਕਰਕੇ ਮਰਦਮਸ਼ੁਮਾਰੀ ਸਬੰਧੀ ਡਾਟਾ ਇਕੱਠਾ ਕਰਨ ਅਤੇ ਸਵੈ-ਗਣਨਾ ਤਹਿਤ ਅਪਲੋਡ ਕੀਤੀ ਜਾਣਕਾਰੀ ਦੀ ਤਸਦੀਕ ਕਰਨਗੇ।