ਮੋਹਾਲੀ : “ਪਿਛਲੀਆਂ ਸਰਕਾਰਾਂ ਵੇਲੇ ਦਿਹਾੜੀ ਭੰਨ ਕੇ ਕਈ ਕਈ ਦਿਨ ਦਫ਼ਤਰਾਂ ਵਿੱਚ ਜੁੱਤੀਆਂ ਘਸਾ ਕੇ ਵੀ ਕੰਮ ਨਹੀਂ ਸਨ ਹੁੰਦੇ ਪਰ ਹੁਣ ਉਹ ਦਿਨ ਪੁੱਗ ਗਏ। ਅੱਜ "ਆਪ ਸਰਕਾਰ ਆਪ ਦੇ ਦੁਆਰ" ਤਹਿਤ ਪਿੰਡ ਤੰਗੋਰੀ ਦੇ ਗੁਰਦੁਆਰਾ ਸਾਹਿਬ ਵਿਖੇ ਲਾਏ ਕੈਂਪ ਵਿੱਚ ਆਮਦਨ ਸਰਟੀਫਿਕੇਟ ਮਿੰਟਾਂ ਵਿੱਚ ਪ੍ਰਾਪਤ ਹੋਇਆ। ਨਾ ਕਿਸੇ ਨੂੰ ਕੋਈ ਪੈਸਾ ਦੇਣਾ ਪਿਆ ਤੇ ਨਾ ਹੀ ਕਿਸੇ ਪਾਸੇ ਗੇੜੇ ਮਾਰਨੇ ਪਏ। ਕੈਂਪ ਵਿੱਚ ਚਾਹ ਪਾਣੀ ਤੇ ਬੈਠਣ ਦਾ ਪੂਰਾ ਪ੍ਰਬੰਧ ਸੀ।” ਇਹ ਗੱਲ ਕੈਂਪ ਵਿੱਚ ਆਮਦਨ ਸਰਟੀਫਿਕੇਟ ਬਣਵਾਉਣ ਪੁੱਜੇ ਪਿੰਡ ਤੰਗੋਰੀ ਦੇ ਮਜ਼ਦੂਰ ਅਰਜਿੰਦਰ ਸਿੰਘ ਨੇ ਆਖੀ ਤੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਸ ਨੇ ਦੱਸਿਆ ਕਿ ਇਸ ਕੈਂਪ ਬਾਬਤ ਲਗਾਤਾਰ ਮੁਨਾਦੀ ਹੋ ਰਹੀ ਸੀ ਤੇ ਵੇਲੇ ਸਿਰ ਜਾਣਕਾਰੀ ਮਿਲਣ ਨਾਲ ਉਹਨੇ ਕੈਂਪ ਦਾ ਲਾਭ ਲਿਆ ਹੈ। ਇਸੇ ਤਰ੍ਹਾਂ ਪਿੰਡ ਤੰਗੋਰੀ ਦਾ ਨੌਜਵਾਨ ਬਲਬੀਰ ਸਿੰਘ ਵੀ ਆਪਣਾ ਰਿਹਾਇਸ਼ੀ ਸਰਟੀਫਿਕੇਟ ਬਣਵਾ ਕੇ ਬਾਗੋ ਬਾਗ਼ ਨਜ਼ਰ ਆਇਆ। ਉਸ ਨੇ ਜਿੱਥੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ। ਪਿੰਡ ਕੁਰੜਾ ਦੇ ਜਸਵਿੰਦਰ ਸਿੰਘ ਨੇ ਆਪਣੀ ਧੀ ਦਾ ਜਾਤੀ ਸਰਟੀਫਿਕੇਟ ਬਣਵਾਉਣਾ ਸੀ। ਕੈਂਪ ਵਿੱਚ ਸੰਚਾਲਕਾਂ ਨੇ ਬਹੁਤ ਹੀ ਹਲੀਮੀ ਨਾਲ ਉਸ ਨਾਲ ਗੱਲਬਾਤ ਕੀਤੀ ਤੇ ਸਾਰੇ ਕਾਗਜ਼ਾਤ ਪੂਰੇ ਹੁੰਦੇ ਸਾਰ ਉਸ ਦੀ ਧੀ ਦਾ ਜਾਤੀ ਸਰਟੀਫਿਕੇਟ ਬਣਾ ਕੇ ਉਸ ਨੂੰ ਸੌਂਪ ਦਿੱਤਾ। ਜਸਵਿੰਦਰ ਸਿੰਘ ਨੇ ਸਰਕਾਰ ਦੇ ਇਸ ਉਪਰਾਲੇ ਨੂੰ ਬਹੁਤ ਹੀ ਵਧੀਆ ਉਪਰਾਲਾ ਦੱਸਿਆ ਤੇ ਸਰਕਾਰ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ "ਆਪ ਦੀ ਸਰਕਾਰ ਆਪ ਦੇ ਦੁਆਰ" ਮੁਹਿੰਮ ਤਹਿਤ ਸੋਮਵਾਰ ਨੂੰ ਸਬ ਡਵੀਜ਼ਨ ਮੋਹਾਲੀ ਦੇ ਤੰਗੋਰੀ, ਮੋਟੇਮਾਜਰਾ, ਮਾਣਕਪੁਰ ਕੱਲਰ ਅਤੇ ਬਨੂੜ ਦੇ ਵਾਰਡ ਨੰ: 12,10,11,13,1 ਅਤੇ 2 ਵਿਚ ਕੈਂਪ ਲਗਾਏ ਗਏ, ਜਿਨ੍ਹਾਂ ਦਾ ਵੱਡੀ ਗਿਣਤੀ ਲੋਕਾਂ ਨੇ ਲਾਭ ਲਿਆ। ਕੈਂਪ ਵਿਚ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ ਜਿਨ੍ਹਾਂ ਵਲੋਂ ਲੋਕਾਂ ਦੇ ਕੰਮਾਂ ਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ। ਐਸ.ਡੀ.ਐਮ ਮੋਹਾਲੀ, ਦੀਪਾਂਕਰ ਗਰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦਾ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਅਤੇ ਇੱਕ ਹੀ ਜਗ੍ਹਾ ’ਤੇ ਇਕੱਠੇ ਹੋ ਕੇ ਸਰਕਾਰੀ ਅਧਿਕਾਰੀ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਮੋਹਾਲੀ ਦੇ ਹਰੇਕ ਪਿੰਡ ਅਤੇ ਵਾਰਡ ਵਿਚ ਕੈਂਪ ਲਗਾਏ ਜਾ ਰਹੇ ਹਨ ਅਤੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜੋ ਵੀ ਉਨ੍ਹਾਂ ਦੇ ਕੰਮ ਹੋਣ ਵਾਲੇ ਹਨ ਉਹ ਕੈਂਪਾਂ ’ਚ ਆ ਕੇ ਕਰਵਾਉਣ। ਕੈਂਪਾਂ ਵਿੱਚ 44 ਸੁਵਿਧਾਵਾਂ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਲਈ ਦਿੱਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ 'ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ 'ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।