Monday, May 20, 2024

Malwa

ਸਵਾਈਨ ਫਲੂ ਦੀ ਜਾਗਰੂਕਤਾ ਸਬੰਧੀ ਪੋਸਟਰ ਹੋਇਆ ਜਾਰੀ

December 19, 2023 04:56 PM
SehajTimes

ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਰਦੀ ਦੇ ਮੌਸਮ ਵਿਚ ਸਵਾਈਨ ਫਲੂ ਤੋਂ ਬਚਾਅ ਲਈ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਵਾਈਨ ਫਲੂ ਦੇ ਲੱਛਣਾਂ ਅਤੇ ਬਿਮਾਰੀ ਤੋਂ ਬਚਾਅ ਸਬੰਧੀ ਨੁਕਤੇ ਦਰਸਾਉਂਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਵਾਈਨ ਫਲੂ ਵਰਗੀ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀ ਅਤੇ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤ ਕੇ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਸਕਦਾ ਹੈ। ਉਹ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਵਾਈਨ ਫਲੂ ਤੋਂ ਬਚਾਅ ਲਈ ਵਰਤੇ ਜਾਣ ਵਾਲੇ ਅਹਿਤਿਆਤ ਸਬੰਧੀ ਜਾਇਜ਼ਾ ਮੀਟਿੰਗ ਕਰ ਰਹੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਵੀ ਮੌਜੂਦ ਸਨ। ਇਸ ਮੌਕੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਆਦਾ ਸਰਦੀ ਦੇ ਮੌਸਮ ਵਿਚ ਆਮ ਤੌਰ 'ਤੇ ਲੋਕਾਂ ਵਿਚ ਇਮੀਉਨਿਟੀ ਘੱਟ ਜਾਂਦੀ ਹੈ ਜਿਸ ਕਾਰਨ ਬਿਮਾਰੀਆਂ ਦੀ ਲਾਗ ਜ਼ਿਆਦਾ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਰਦੀ ਦੇ ਮੌਸਮ ਵਿਚ ਲੋਕਾਂ ਨੂੰ ਆਪਣਾ ਸਰੀਰ ਪੂਰੀ ਤਰਾਂ ਢੱਕ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬਿਮਾਰ ਹੋਣ 'ਤੇ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਲਈ ਹਸਪਤਾਲਾਂ 'ਚ ਸਵਾਈਨ ਫਲੂ ਕਾਰਨਰ ਵੀ ਬਣਾਏ ਗਏ ਹਨ। ਡਾ. ਰਮਿੰਦਰ ਕੌਰ ਨੇ ਸਵਾਈਨ ਫਲੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਸਵਾਈਨ ਫਲੂ ਇਕ ਵਾਇਰਲ ਬੁਖਾਰ ਹੈ ਜੋ ਕਿ ਐਚ1 ਐਨ1 ਵਾਇਰਸ ਨਾਲ ਹੁੰਦਾ ਹੈ ਜਿਸ ਦੀ ਲਾਗ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਸਾਹ ਰਾਹੀ ਹੁੰਦੀ ਹੈ। ਇਸ ਲਈ ਬਿਮਾਰੀ ਤੋਂ ਬਚਣ ਲਈ  ਖੰਘਣ, ਛਿੱਕ ਮਾਰਨ ਵੇਲੇ ਮੂੰਹ ਤੇ ਕੱਪੜਾ ਜਾਂ ਰੁਮਾਲ ਦੀ ਵਰਤੋਂ ਕਰਨ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਯਕੀਨੀ ਬਣਾਉਣ। ਭੀੜ ਵਾਲੀਆਂ ਥਾਵਾਂ ਤੇ ਨਾ ਜਾਇਆਂ ਜਾਵੇ ਅਤੇ ਤਰਲ ਪਦਾਰਥ ਵੱਧ ਤੋਂ ਵੱਧ ਲਏ ਜਾਣ। ਉਨ੍ਹਾਂ ਕਿਹਾ ਤੇਜ਼ ਬੁਖਾਰ, ਖਾਂਸੀ ਜ਼ੁਕਾਮ, ਛਿੱਕਾ ਆਉਣੀਆਂ, ਨੱਕ ਵਗਣਾ, ਗਲੇ ਵਿਚ ਦਰਦ, ਸਾਹ ਲੈਣ ਵਿਚ ਤਕਲੀਫ, ਸਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਸਵਾਈਨ ਫਲੂ ਦੀਆਂ ਨਿਸ਼ਾਨੀਆਂ ਹਨ। ਇਸ ਲਈ ਕਿਸੇ ਵੀ ਕਿਸਮ ਦਾ ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਦੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਬਿਨਾਂ ਡਾਕਟਰੀ ਜਾਂਚ ਤੋ ਦਵਾਈ ਨਾ ਲਈ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਨਿਸ਼ਾਨੀਆਂ ਵਾਲੇ ਮਰੀਜ਼ਾ ਨੂੰ ਵੱਧ ਤੋ ਵੱਧ ਆਰਾਮ ਕਰਨ ਅਤੇ ਚੰਗਾ ਪੌਸ਼ਟਿਕ ਖੁਰਾਕ ਦੀ ਜ਼ਰੂਰਤ ਹੁੰਦੀ ਹੈ।

ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਜੋਤ ਸਿੰਘ ਨੇ ਦੱਸਿਆ ਕਿ ਸਵਾਈਨ ਫਲੂ ਦੀਆਂ ਕੈਟਾਗਰੀ ਏ. ਬੀ. ਤੇ ਸੀ. ਹਨ ਕੈਟਾਗਰੀ ਏ ਦੇ ਮਰੀਜ਼ ਉਹ ਹਨ ਜਿਨ੍ਹਾਂ ਨੂੰ ਖਾਂਸੀ, ਜ਼ੁਕਾਮ ਤੇ ਹਲਕਾ ਬੁਖਾਰ ਹੁੰਦਾ ਹੈ। ਇਨ੍ਹਾਂ ਮਰੀਜ਼ਾਂ ਨੂੰ ਕੋਈ ਦਵਾਈ ਦੀ ਜ਼ਰੂਰਤ ਨਹੀ ਹੁੰਦੀ। ਇਨ੍ਹਾਂ ਮਰੀਜ਼ਾ ਨੂੰ ਘਰ ਵਿਚ ਹੀ ਅਰਾਮ ਕਰਨ ਅਤੇ ਚੰਗੀ ਖੁਰਾਕ ਤੇ ਤਰਲ ਪਦਾਰਥਾਂ ਦੀ ਵਰਤੋਂ ਵੱਧ ਤੋ ਵੱਧ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕੈਟਾਗਰੀ ਬੀ ਵਿਚ ਉਹ ਮਰੀਜ਼ ਆਉਂਦੇ ਹਨ ਜਿਨ੍ਹਾਂ ਨੂੰ ਖਾਂਸੀ ਜ਼ੁਕਾਮ ਦੇ ਨਾਲ-ਨਾਲ ਬਹੁਤ ਤੇਜ਼ ਬੁਖਾਰ ਹੁੰਦਾ ਹੈ ਅਤੇ ਇਸ ਦੇ ਨਾਲ ਉਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ। ਜਿਵੇ ਕਿ ਦਿਲ, ਗੁਰਦੇ, ਲੀਵਰ, ਸ਼ੂਗਰ ਦੇ ਮਰੀਜ਼ ਅਤੇ ਹੋਰ ਕੋਈ ਗੰਭੀਰ ਬਿਮਾਰੀ ਨਾਲ ਪੀੜ੍ਹਤ ਹਨ। ਕੈਟਾਗਰੀ ਸੀ ਵਿਚ ਉਹ ਮਰੀਜ਼ ਆਉਂਦੇ ਹਨ ਜਿਨ੍ਹਾਂ ਨੂੰ ਕੈਟਾਗਰੀ ਏ. ਅਤੇ ਬੀ. ਦੇ ਲੱਛਣਾਂ ਦੇ ਨਾਲ-ਨਾਲ ਸਾਹ ਲੈਣ ਵਿਚ ਤਕਲੀਫ, ਬਲਗਮ ਵਿਚ ਖੂਨ, ਉਲਟੀਆਂ, ਟੱਟੀਆਂ ਅਤੇ ਹੱਥਾਂ ਤੇ ਪੈਰਾਂ ਦੇ ਨਹੁੰਆਂ ਦਾ ਨੀਲਾ ਹੋਣਾ ਆਦਿ ਲੱਛਣ ਹਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਹੋਣਾ ਚਾਹੀਦਾ ਹੈ ਜਿਥੇ ਕਿ ਉਨ੍ਹਾਂ ਦਾ ਟੈਸਟ ਲੈ ਕੇ ਦਵਾਈ ਸ਼ੁਰੂ ਕੀਤੀ ਜਾਂਦੀ ਹੈ। ਇਸ ਮੌਕੇ ਡਾ. ਦਿਵਜੋਤ ਸਿੰਘ, ਡਾ. ਸੁਮਿਤ ਸਿੰਘ, ਡਾ. ਸ਼ੈਲੀ ਜੇਤਲੀ, ਡਾ. ਐਸ.ਜੇ. ਸਿੰਘ ਤੇ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਸਨ।

Have something to say? Post your comment

 

More in Malwa

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ