ਪੰਜਾਬੀ ਯੂਨੀਵਰਸਿਟੀ, ਪਟਿਆਲਾ : - ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਯੂਨੀਵਰਸਿਟੀ ਵਿਚਲੇ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ਼ ਯੂਨੀਵਰਸਿਟੀ ਕੈਂਪਸ ਵਿੱਚ ‘ਖਾਦੀ ਮਹਾਂਉਤਸਵ ਰੈਲੀ’ ਦਾ ਆਯੋਜਨ ਕੀਤਾ ਗਿਆ। ਐੱਨ. ਐੱਸ. ਐੱਸ. ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਦੀ ਅਗਵਾਈ ਵਿੱਚ ਇਹ ਜਾਗਰੂਕਤਾ ਰੈਲੀ ਬੈਂਡ ਵਜਾਉਦੇ ਹੋਏ ਢੋਲ ਢਮੱਕੇ ਨਾਲ ਆਰਟਸ ਬਲਾਕ -2 ਤੋਂ ਸ਼ੁਰੂ ਹੋਈ ਜੋ ਕਿ ਸਮੁੱਚੇ ਕੈਂਪਸ ਵਿਚ ਕੱਢੀ ਗਈ।ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਰੈਲੀ ਦਾ ਉਦੇਸ਼ ਆਮ ਜਨਤਾ ਨੂੰ ਖਾਦੀ ਦੀ ਵਰਤੋ ਲਈ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਖਾਦੀ ਸਾਨੂੰ ਆਪਣੀਆਂ ਜੜਾਂ ਵੱਲ ਲਿਜਾਣ ਦਾ ਇਕ ਦਿਲਚਸਪ ਮਾਧਿਅਮ ਹੈ। ਖਾਦੀ ਇੱਕ ਵਾਤਾਵਰਣ-ਅਨੁਕੂਲ ਅਤੇ ਟਿਕਾਊ ਕੱਪੜੇ ਦੇ ਰੂਪ ਵਿੱਚ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।
ਇਸ ਰੈਲੀ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੁੰ ਖਾਦੀ ਦਾ ਕੁੜਤਾ ਭੇਂਟ ਕੀਤਾ ਗਿਆ। ਪ੍ਰੋ. ਅਰਵਿੰਦ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਉਹ ਤਾਂ ਖੁਦ ਹੀ ਖਾਦੀ ਹੀ ਪਹਿਨਦੇ ਹਨ ਅਤੇ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਉਹ ਖੁਦ ਖਾਦੀ ਦਾ ਕੱਪੜਾ ਖੱਡੀ ਉੱਤੇ ਬੁਣ ਕੇ ਆਪ ਬਣਾ ਕੇ ਸਿਲਵਾ ਕੇ ਪਹਿਨਣ।
ਰੈਲੀ ਵਿੱਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ, ਇੰਜ.ਚਰਨਜੀਵ ਸਰੋਆ, ਅਤੇ ਯੂਨੀਵਰਸਿਟੀ ਮਾਡਲ ਸਕੂਲ ਤੋਂ ਸ. ਸਤਵੀਰ ਸਿੰਘ ਸਮੇਤ ਲਗਭਗ 85 ਵਲੰਟੀਅਰਾਂ ਅਤੇ ਸਕੂਲ ਦੇ ਬੱਚਿਆਂ ਨੇ ਭਾਗ ਲਿਆ।