ਗਾਜ਼ਾ ਦੇ ਇੱਕ ਹਸਪਤਾਲ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਇਹ ਹਸਪਤਾਲ ਪਹਿਲਾਂ ਹੀ ਜ਼ਖ਼ਮੀ ਮਰੀਜ਼ਾਂ ਨਾਲ ਭਰਿਆ ਹੋਇਆ ਸੀ ਅਤੇ ਹੋਰ ਫਲਸਤੀਨੀ ਨਾਗਰਿਕਾਂ ਨੇ ਵੀ ਇੱਥੇ ਪਨਾਹ ਲਈ ਹੋਈ ਸੀ। ਹਮਾਸ ਵੱਲੋਂ ਚਲਾਏ ਜਾ ਰਹੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਹਮਾਸ ਨੇ ਇਸ ਨੂੰ ਇਜ਼ਰਾਇਲੀ ਹਵਾਈ ਹਮਲਾ ਦੱਸਿਆ ਹੈ, ਜਦਕਿ ਇਜ਼ਰਾਇਲੀ ਫੌਜ ਨੇ ਦੋਸ਼ ਲਾਇਆ ਹੈ ਕਿ ਇਹ ਧਮਾਕਾ ਫਲਸਤੀਨੀ ਅੱਤਵਾਦੀਆਂ ਵੱਲੋਂ ਦਾਗੇ ਗਏ ਰਾਕੇਟ ਦੇ ਆਪਣੇ ਨਿਸ਼ਾਨੇ ਤੋਂ ਖੁੰਝਣ ਕਾਰਨ ਹੋਇਆ ਹੈ। ਮੰਤਰਾਲਾ ਨੇ ਕਿਹਾ ਕਿ ਘੱਟੋ-ਘੱਟ 500 ਲੋਕ ਮਾਰੇ ਗਏ ਹਨ।
ਹਸਪਤਾਲ ਵਿਚ ਹੋਏ ਧਮਾਕੇ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਪੱਛਮੀ ਏਸ਼ੀਆ ਦੀ ਯਾਤਰਾ ਰੱਦ ਕਰ ਦਿੱਤੀ ਗਈ ਹੈ। ਬਾਈਡੇਨ ਦੇ ਦੌਰੇ ਨਾਲ ਜੰਗ ਤੋਂ ਪੈਦਾ ਹੋਏ ਸੰਕਟ ਦੇ ਹੱਲ ਦੀ ਉਮੀਦ ਸੀ। ਜਾਰਡਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਬੁੱਧਵਾਰ ਨੂੰ ਅੱਮਾਨ ਵਿੱਚ ਹੋਣ ਵਾਲੇ ਖੇਤਰੀ ਸੰਮੇਲਨ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਬਾਈਡੇਨ ਜਾਰਡਨ ਦੇ ਸ਼ਾਹ ਅਬਦੁੱਲਾ II, ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨਾਲ ਮੁਲਾਕਾਤ ਕਰਨ ਵਾਲੇ ਸਨ। ਜਾਰਡਨ ਦੇ ਵਿਦੇਸ਼ ਮੰਤਰੀ ਏਮਨ ਸਫਾਦੀ ਨੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਨੇ "ਖੇਤਰ ਨੂੰ ਸੰਕਟ ਦੇ ਕੰਢੇ 'ਤੇ ਧੱਕ ਦਿੱਤਾ ਹੈ।"