ਸੂਬੇ ਵਿੱਚ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਮੈਗਸੀਪਾ, ਚੰਡੀਗੜ੍ਹ ਤੋਂ ਸਿਖਲਾਈ ਲਈ 60 ਪ੍ਰਿੰਸੀਪਲਾਂ ਦੇ ਦੋ ਹੋਰ ਬੈਚਾਂ ਨੂੰ ਹਰੀ ਝੰਡੀ ਦੇ ਕੇ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ ਹੈ।
ਸੂਬੇ ਦੀ ਸਕੂਲ ਸਿੱਖਿਆ ਨੂੰ ਵਿਸ਼ਵ ਪੱਧਰੀ ਬਨਾਉਣ ਵਾਲੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਕੂਲ ਸਿੱਖਿਆ ਪ੍ਰਤੀ ਸਮਰਪਣ ਭਾਵਨਾ ਦਾ ਜ਼ਿਕਰ ਕਰਦਿਆਂ ਸ.ਬੈਂਸ ਨੇ ਕਿਹਾ ਕਿ ਸਿੱਖਿਆ ਸਬੰਧੀ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਬਹੁਤ ਅਹਿਮ ਭੂਮਿਕਾ ਹੈ । ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਹੈਡਮਾਸਟਰਾਂ/ਪ੍ਰਿੰਸੀਪਲ ਦੀਆਂ ਪੇਸ਼ੇਵਰ ਸਮਰੱਥਾਵਾਂ ਨੂੰ ਵਧਾਉਣ ਲਈ ਸੂਬਾ ਸਰਕਾਰ ਵੱਲੋਂ ਅਧਿਆਪਕਾਂ ਅਤੇ ਹੈਡਮਾਸਟਰਾਂ/ਪ੍ਰਿੰਸੀਪਲ ਨੂੰ ਮੌਜੂਦਾ ਸਮਿਆਂ ਦੀ ਉਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਦੇਸ਼ ਅਤੇ ਵਿਦੇਸ਼ਾਂ ਵਿੱਚ ਸਿਖਲਾਈ ਦੁਆਈ ਜਾ ਰਹੀ ਹੈ ਤਾਂ ਜ਼ੋ ਇਨ੍ਹਾਂ ਬੈਸਟ ਪ੍ਰਐਕਟਇਸਜ ਨੂੰ ਸੂਬੇ ਦੇ ਸਕੂਲਾਂ ਵਿਚ ਲਾਗੂ ਕੀਤਾ ਜਾ ਸਕੇ।
ਸ. ਬੈਂਸ ਨੇ ਦੱਸਿਆ ਕਿ ਫ਼ਰਵਰੀ 2023 ਤੋਂ ਹੁਣ ਤੱਕ ਸੂਬਾ ਸਰਕਾਰ ਵੱਲੋਂ 30 ਅਤੇ 36 ਪ੍ਰਿੰਸੀਪਲਾਂ ਵਾਲੇ ਚਾਰ ਬੈਚਾਂ ਨੂੰ ਸਫ਼ਲਤਾਪੂਰਵਕ ਸਿਖਲਾਈ ਦਿੱਤੀ ਗਈ ਹੈ। ਇਹ ਸਿਖਲਾਈ ਪ੍ਰੋਗਰਾਮ ਪੀ.ਏ.ਆਈ., ਸਿੰਗਾਪੁਰ ਅਤੇ ਐਨ.ਆਈ.ਈ.ਆਈ., ਸਿੰਗਾਪੁਰ ਵਰਗੀਆਂ ਵਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਗਈ।
ਇਸ ਸਿਖਲਾਈ ਦਾ ਪਾਠਕ੍ਰਮ ਸਮਕਾਲੀ ਪ੍ਰਬੰਧਕੀ ਅਤੇ ਵਿਦਿਅਕ ਹੁਨਰਾਂ 'ਤੇ ਕੇਂਦ੍ਰਿਤ ਹੈ, ਜਿਸ ਵਿੱਚ ਨਵੀਨਤਾਕਾਰੀ ਅਧਿਆਪਨ ਵਿਧੀਆਂ, ਮਾਹਰ ਵੱਲੋਂ ਦਿੱਤੀ ਜਾਂਦੀ ਸਲਾਹ ਆਦਿ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਸਿਖਲਾਈ ਲਈ ਭੇਜੇ ਜਾ ਰਹੇ ਨਵੇਂ ਬੈਚਾਂ ਨਾਲ, ਇਹ ਗਿਣਤੀ ਵਧ ਕੇ 200 ਸਕੂਲ ਪ੍ਰਿੰਸੀਪਲ ਅਤੇ 100 ਹੈੱਡਮਾਸਟਰਾਂ ਤੱਕ ਪਹੁੰਚ ਗਈ ਹੈ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਿੱਤੀ ਗਈ ਹੈ। ਇਸ ਤੋਂ ਪਹਿਲਾਂ, 140 ਪ੍ਰਿੰਸੀਪਲ ਸਿੰਗਾਪੁਰ ਵਿੱਚ ਵਿਦੇਸ਼ੀ ਸਿਖਲਾਈ ਪ੍ਰੋਗਰਾਮਾਂ ਤੋਂ ਲਾਭ ਉਠਾ ਚੁੱਕੇ ਹਨ, ਜਦੋਂ ਕਿ 100 ਹੈੱਡਮਾਸਟਰਾਂ ਨੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐਮ.) ਅਹਿਮਦਾਬਾਦ ਵਿੱਚ ਸਿਖਲਾਈ ਹਾਸਲ ਕੀਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਹ ਅਧਿਆਪਕ ਆਪਣੀਆਂ ਸਿੱਖਿਆ ਸੰਸਥਾਵਾਂ ਨੂੰ ਨਵੀਆਂ ਸਿਖਰਾਂ ‘ਤੇ ਲੈ ਜਾਣ ਅਤੇ ਵਿਦਿਆਰਥੀਆਂ ਲਈ ਵਧੇਰੇ ਅਨੁਕੂਲ ਸਿੱਖਣ ਮਾਹੌਲ ਪ੍ਰਦਾਨ ਕਰਨ ਲਈ ਬਿਹਤਰ ਢੰਗ ਨਾਲ ਤਿਆਰ ਕੀਤੇ ਗਏ ਹਨ।
ਸਿੱਖਿਆ ਮੰਤਰੀ ਨੇ ਮੌਜੂਦਾ ਸਿਖਲਾਈ ਬੈਚਾਂ, ਜੋ ਕਿ ਨਿਰੋਲ ਮੈਰਿਟ ਦੇ ਆਧਾਰ 'ਤੇ ਪਾਰਦਰਸ਼ੀ ਆਨਲਾਈਨ ਪੋਰਟਲ ਰਾਹੀਂ ਚੁਣੇ ਗਏ 60 ਪ੍ਰਿੰਸੀਪਲਾਂ ਦਾ 5ਵਾਂ ਅਤੇ 6ਵਾਂ ਗਰੁੱਪ ਹੈ, ਦੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿੱਖਿਅਕ ਐਨ.ਆਈ.ਈ.ਆਈ. ਸਿੰਗਾਪੁਰ ਵਿਖੇ ਪ੍ਰਭਾਵਸ਼ਾਲੀ ਲੀਡਰਸ਼ਿਪ ਹੁਨਰਾਂ, ਸਕੂਲਾਂ ਦੇ ਵਿਕਾਸ ਅਤੇ ਅਨੁਸ਼ਾਸਨ ਨੂੰ ਬਣਾਈ ਰੱਖਣ ਲਈ ਕਮਿਊਨਿਟੀ ਦੀ ਸ਼ਮੂਲੀਅਤ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਨਗੇ।