ਐਸ.ਏ.ਐਸ.ਨਗਰ : 550 ਪੂਰਬ ਪ੍ਰੀਮੀਅਮ ਅਪਾਰਟਮੈਂਟਾਂ ਦੀ ਅਲਾਟਮੈਂਟ ਲਈ ਲਾਂਚ ਕੀਤੀ ਗਈ ਸਕੀਮ ਵਿੱਚ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਅਪਾਰਟਮੈਂਟ ਨੰਬਰਾਂ ਅਤੇ ਫਲੋਰਾਂ ਦੀ ਅਲਾਟਮੈਂਟ ਕਰਨ ਲਈ ਡਰਾਅ ਅੱਜ ਐਸ.ਏ.ਐਸ.ਨਗਰ ਦੇ ਸੈਕਟਰ 69 ਦੇ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ। .ਡਰਾਅ ਸ਼੍ਰੀ ਬਲਵਿੰਦਰ ਸਿੰਘ, ਵਧੀਕ ਮੁੱਖ ਪ੍ਰਸ਼ਾਸਕ (ਵਿੱਤ ਤੇ ਲੇਖਾ), ਸ੍ਰੀ ਅਮਰਿੰਦਰ ਸਿੰਘ ਟਿਵਾਣਾ, ਵਧੀਕ ਮੁੱਖ ਪ੍ਰਸ਼ਾਸਕ (ਗਮਾਡਾ) ਅਤੇ ਮੈਡਮ ਹਰਕੀਰਤ ਕੌਰ ਚਾਨੇ, ਮਿਲਖ ਅਫਸਰ (ਹਾਊਸਿੰਗ) ਦੀ ਨਿਗਰਾਨੀ ਹੇਠ ਕੱਢਿਆ ਗਿਆ। ਡਰਾਅ ਦਾ ਨਤੀਜਾ ਵਿਕਾਸ ਅਥਾਰਟੀ ਦੀ ਵੈੱਬਸਾਈਟ gmada.gov.in 'ਤੇ ਅਪਲੋਡ ਕਰ ਦਿੱਤਾ ਗਿਆ ਹੈ।

ਵੱਖ-ਵੱਖ ਸ਼੍ਰੇਣੀਆਂ ਵਿੱਚ ਸਫਲ ਬਿਨੈਕਾਰਾਂ ਅਤੇ ਵੇਟਿੰਗ ਲਿਸਟ ਵਿੱਚ ਸ਼ਾਮਲ ਵਿਅਕਤੀਆਂ ਵੱਲੋ 9 ਅਕਤੂਬਰ ਤੱਕ ਆਪਣੀ ਯੋਗਤਾ ਸਾਬਿਤ ਕਰਨ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ। ਜਿਵੇਂ ਕਿ ਸਕੀਮ ਦੇ ਬਰੋਸ਼ਰ ਵਿੱਚ ਦੱਸਿਆ ਗਿਆ ਸੀ, ਸਫਲ ਬਿਨੈਕਾਰਾਂ ਨੂੰ ਅਲਾਟਮੈਂਟ ਪੱਤਰ ਆਨਲਾਈਨ ਭੇਜੇ ਜਾਣਗੇ ਅਤੇ ਕੋਈ ਫਿਜ਼ੀਕਲ ਅਲਾਟਮੈਂਟ ਪੱਤਰ ਜਾਰੀ ਨਹੀਂ ਕੀਤੇ ਜਾਣਗੇ। 27 ਅਕਤੂਬਰ ਤੱਕ, ਵਿਕਾਸ ਅਥਾਰਟੀ ਅਲਾਟਮੈਂਟ ਪੱਤਰ ਜਾਰੀ ਕਰ ਦੇਵੇਗੀ ਅਤੇ ਅਲਾਟਮੈਂਟ ਪੱਤਰ ਜਾਰੀ ਕਰਨ ਬਾਰੇ ਬਣਦੀ ਸੂਚਨਾ ਅਲਾਟੀਆਂ ਨੂੰ ਉਨ੍ਹਾਂ ਦੇ ਫੋਨ ਨੰਬਰ 'ਤੇ ਐਸਐਮਐਸ ਰਾਹੀਂ ਭੇਜੀ ਜਾਵੇਗੀ। ਜੋ ਅਲਾਟੀ ਕਿਸੇ ਵੀ ਕਾਰਨ ਕਰਕੇ ਅਲਾਟਮੈਂਟ ਪੱਤਰ ਡਾਊਨਲੋਡ ਨਹੀਂ ਕਰ ਸਕਣਗੇ ਉਹਨਾਂ ਨੂੰ ਇਸ ਸਬੰਧ ਵਿੱਚ ਅਸਟੇਟ ਦਫ਼ਤਰ ਨਾਲ ਸੰਪਰਕ ਕਰਨਾ ਪਵੇਗਾ।