ਡੇਰਾਬੱਸੀ (ਹਰਵਿੰਦਰ ਹੈਰੀ) : ਡੇਰਾਬੱਸੀ ਵਿੱਚ ਸੜਕ ਉੱਤੇ ਇਕ ਪੁਰਾਣੀ ਸਕੂਲ ਵੈਨ ਵਿੱਚ ਦੇਸੀ ਦਵਾਈਆਂ ਦੇਣ ਵਾਲੇ ਇਕ ਝੋਲਾਛਾਪ ਡਾਕਟਰ ਜੋ ਕਿ ਔਰਤਾਂ ਦੇ ਪੇਟ ਵਿੱਚ ਜਨਮ ਲੈ ਰਹੇ ਬੱਚੇ ਦਾ ਲੰਿਗ ਚੈੱਕ ਕਰਕੇ ਦੱਸਦਾ ਸੀ ਕਿ ਲੜਕਾ ਹੈ ਜਾਂ ਲੜਕੀ, ਨੂੰ ਅੱਜ ਸਿਹਤ ਵਿਭਾਗ ਦੀ ਟੀਮ ਨੇ ਇਕ ਖੁਫੀਆ ਆਪ੍ਰੇਸ਼ਨ ਤਹਿਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਪੁਲਿਸ ਨੇ ਡਾਕਟਰ ਧਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਪੀਐਚਸੀ ਡੇਰਾਬੱਸੀ ਦੀ ਸ਼ਿਕਾਇਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਟੀਮ ਵਿੱਚ ਡਾਕਟਰ ਜਸਬੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ, ਡਾਕਟਰ ਨਿਧੀ ਜ਼ਿਲ੍ਹਾ ਪਰਿਵਾਰ ਨਿਯੋਜਨ ਅਫ਼ਸਰ ਮੋਹਾਲੀ ਅਤੇ ਸਿਰਸਾ ਤੋਂ ਆਈ ਮੈਡੀਕਲ ਟੀਮ ਨੇ ਡੇਰਾਬੱਸੀ ਵਿੱਖੇ ਪਿੰਡ ਮਾਹੀਵਾਲਾ ਖੜੀ ਸਕੂਲ ਵੈਨ ਵਿੱਚ ਇਕ ਦੇਸੀ ਦਵਾਈਆਂ ਦੇਣ ਵਾਲੇ ਜਾਅਲੀ ਡਾਕਟਰ ਕੋਲ ਇਕ ਔਰਤ ਨੂੰ ਡੰਮੀ ਗਰਭਵਤੀ ਮਰੀਜ਼ ਬਣਾ ਕੇ ਭੇਜਿਆ ਗਿਆ ਜਿਸ ਦਾ ਲੰਿਗ ਨਿਰਧਾਰਨ ਚੈਕ ਕਰਨ ਦੀ ਕੀਮਤ ਉਸ ਨੇ 35 ਹਜ਼ਾਰ ਰੁਪਏ ਦੱਸੀ। ਜਿਸ ਦੇ ਸੰਬਧੀ ਟੀਮ ਨੇ ਪਹਿਲਾਂ ਆਨਲਾਈਨ 5 ਹਜ਼ਾਰ ਰੁਪਏ ਦੇ ਦਿੱਤੇ ਜਦਕਿ ਬਾਕੀ ਰਕਮ ਕੰਮ ਹੋ ਜਾਣ ਤੋਂ ਬਾਅਦ ਦੇਣ ਦਾ ਤੈਅ ਕੀਤਾ ਗਿਆ। ਸਿਹਤ ਵਿਭਾਗ ਨੇ ਪਹਿਲਾਂ ਹੀ ਬਾਕੀ ਬਚੀ ਰਕਮ ਦੇ ਨੋਟਾਂ ਦੇ ਨੰਬਰਾ ਨੂੰ ਨੋਟ ਕਰ ਲਿਆ ਸੀ। ਡਾ[ ਔਲਖ ਨੇ ਦਸਿਆ ਕਿ ਮੰਗਲਵਾਰ ਨੂੰ ਜਦੋਂ ਇਸ ਝੋਲਾਛਾਪ ਡਾਕਟਰ ਕ੍ਰਿਸ਼ਨ ਕੁਮਾਰ ਨੇ ਉੱਕਤ ਔਰਤ ਨੂੰ ਜਾਂਚ ਲਈ ਬੁਲਾਇਆ ਤਾਂ ਸਿਹਤ ਵਿਭਾਗ ਦੀ ਟੀਮ ਅਤੇ ਪੁਲਿਸ ਪਾਰਟੀ ਨੇ ਪਹਿਲਾਂ ਹੀ ਸਾਰੀ ਤਿਆਰੀ ਕੀਤੀ ਹੋਈ ਸੀ।
ਇਸ ਦੌਰਾਨ ਜਦੋਂ ਏਹੇ ਵਿਅਕਤੀ ਨੇ ਸਾਰਾ ਡਰਾਮਾ ਕਰਨਾ ਸ਼ੁਰੂ ਕੀਤਾ ਤਾਂ ਉਸਨੇ ਇੱਕ ਕੰਚ ਦੀ ਛੜੀ ਕੱਢੀ ਅਤੇ ਔਰਤ ਦੇ ਢਿੱਡ ਉਤੇ ਘੁਮਾਈ ਅਤੇ ਥੋੜੀ ਦੇਰ ਬਾਅਦ ਪੁੱਤਰ ਹੋਣ ਦੀਆਂ ਵਧਾਈਆਂ ਦੇਣ ਲੱਗ ਪਿਆ। ਜਦੋਂ ਔਰਤ ਨੇ ਬਾਕੀ ਤੈਅ ਕੀਤੀ 30 ਹਜ਼ਾਰ ਰੁਪਏ ਫੜਾਏ ਤਾਂ ਔਰਤ ਨੇ ਮੌਕਾ ਵੇਖਕੇ ਸਿਹਤ ਵਿਭਾਗ ਨੂੰ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਦੀ ਮਦਦ ਨਾਲ ਇਸ ਝੋਲਾ ਛਾਪ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਸਾਰੇ ਨੋਟਾਂ ਦੇ ਨੰਬਰ ਮੈਚ ਕਰ ਲਏ।
ਪੁਲਿਸ ਨੇ ਕਾਬੂ ਕੀਤੇ ਵਿਅਕਤੀ ਦੀ ਪਛਾਣ ਉਮਰ 37 ਸਾਲ ਕ੍ਰਿਸ਼ਨਾ ਪੁੱਤਰ ਮੋਟਾ ਸਿੰਘ ਹਾਲ ਵਾਸੀ ਪਿੰਡ ਮਾਹੀਵਾਲਾ, ਰਾਜਸਥਾਨ ਦੇ ਰੂਪ ਵਜੋਂ ਕੀਤੀ ਅਤੇ ਇਸ ਖਿਲਾਫ ਧਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਡਾਕਟਰ ਪੀਐਚਸੀ ਡੇਰਾਬੱਸੀ ਦੀ ਸ਼ਿਕਾਇਤ ਉਤੇ 22(2), (3), ਪੀ ਐਨ ਡੀ ਟੀ ਐਕਟ, ਭਾਰਤੀ ਮੈਡੀਕਲ ਐਕਟ, ਆਈਪੀਸੀ 420 ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ। ਅੱਜ ਪੁਲਿਸ ਨੇ ਕ੍ਰਿਸ਼ਨ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 14 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।