ਡੇਰਾਬੱਸੀ (ਹਰਵਿੰਦਰ ਹੈਰੀ) : ਪਿਛਲੇ ਲੰਮੇ ਸਮੇਂ ਤੋਂ ਡੇਰਾਬੱਸੀ ਸ਼ਹਿਰ ਅੰਦਰ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਹੋਈ ਸੀ। ਜਿਸ ਦੇ ਚਲਦੇ ਲੋਕ ਆਪਣੇ ਵਾਹਨ ਸੜਕਾਂ ਕਿਨਾਰੇ ਖੜ੍ਹੇ ਕਰਕੇ ਸ਼ਹਿਰ ਦੇ ਬਜਾਰ ਵਿੱਚ ਚਲੇ ਜਾਂਦੇ ਸੀ ਅਤੇ ਸ਼ਹਿਰ ਦੀ ਮੇਨ ਸੜਕ ਤਹਿਤ ਰੋਡ ਤੇ ਜਾਮ ਵਰਗੀ ਸਥਿਤੀ ਬਣ ਜਾਦੀ ਸੀ। ਜਿਸ ਕਾਰਨ ਤਹਿਸੀਲ ਕੰਪਲੈਕਸ ਵਾਲੀ ਸੜਕ ਤੋਂ ਅੱਗੇ ਅਨੇਕਾਂ ਹੀ ਪਿੰਡ ਅਤੇ ਸਕੂਲ ਸਥਿਤ ਹਨ। ਜਿਨਾਂ ਨੂੰ ਹਰ ਰੋਜ਼ ਇਸ ਸੜਕ ਤੋਂ ਗੁਜਰ ਕੇ ਜਾਣਾ ਪੈਂਦਾ ਸੀ। ਇਸ ਸਮੱਸਿਆ ਤੋਂ ਤਹਿਸੀਲ ਕੰਪਲੈਕਸ ਵਿੱਚ ਆਪਣੇ ਰੋਜ਼ਾਨਾ ਦੇ ਕੰਮ ਕਰਾਉਣ ਆਉਣ ਵਾਲੇ ਲੋਕਾਂ ਅਤੇ ਰਾਹਗੀਰਾਂ ਨੂੰ ਨਿਜਾਤ ਦਿਵਾਉਣ ਲਈ ਨਗਰ ਕੌਂਸਲ ਵੱਲੋਂ ਬੀਤੇ ਕੁੱਝ ਮਹੀਨਿਆਂ ਪਹਿਲਾਂ ਬਜ਼ਾਰ ਅਤੇ ਤਹਿਸੀਲ ਕੰਪਲੈਕਸ ਵਾਲੀ ਸੜਕ ਤੇ ਪੀਲੀ ਪੱਟੀ ਦਾ ਨਿਰਮਾਣ ਕੀਤਾ ਗਿਆ ਸੀ। ਜਿਸ ਬਾਅਦ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਆਪਣੇ ਵਾਹਨ ਪੀਲੀ ਪੱਟੀ ਦੇ ਅੰਦਰ ਲਾਉਣ ਦੀ ਅਪੀਲ ਕੀਤੀ ਗਈ ਸੀ। ਪਰ ਇਸ ਦੇ ਉਲਟ ਅੱਜ ਉਸ ਸਮੇਂ ਡੇਰਾਬੱਸੀ ਪੁਲਿਸ ਖੁਦ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੀ ਵੇਖੀ ਗਈ ਜਦੋਂ ਪੁਲਿਸ ਦੀ ਗੱਡੀ ਤਹਿਸੀਲ ਕੰਪਲੈਕਸ ਦੇ ਬਾਹਰ ਸੜਕ ਤੇ ਬਣੀ ਪੀਲੀ ਪੱਟੀ ਦੇ ਬਾਹਰ ਖੜੀ ਸੀ ਅਤੇ ਪੁਲਿਸ ਮੁਲਾਜ਼ਮ ਸੜਕ ਤੇ ਗੱਡੀ ਖੜ੍ਹੀ ਕਰਕੇ ਤਹਿਸੀਲ ਕੰਪਲੈਕਸ ਵਿੱਚ ਬਣੀ ਅਦਾਲਤ ਵਿਖੇ ਕਿਸੇ ਕੰਮ ਤੇ ਗਏ ਹੋਏ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਇੱਕ ਪਾਸੇ ਪੁਲਿਸ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਦੀ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਉਨ੍ਹਾਂ ਦਾ ਚਲਾਨ ਵੀ ਕਰਦੀ ਹੈ। ਪਰ ਆਪ ਆਪਣੇ ਵਾਹਨਾਂ ਨੂੰ ਪੀਲੀ ਪੱਟੀ ਦੇ ਬਾਹਰ ਖੜੇ ਕਰਕੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਹੁਣ ਕਿਹੜੀ ਪੁਲਿਸ ਇਨ੍ਹਾਂ ਵਾਹਨਾਂ ਦਾ ਚਲਾਨ ਕਰੇਗੀ। ਜ਼ੋ ਆਪ ਹੀ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਕੇ ਲੋਕਾਂ ਨੂੰ ਗਲਤ ਸੰਦੇਸ਼ ਦਿੰਦੇ ਹਨ।
ਇੱਕ ਪਾਸੇ ਤਾਂ ਪੰਜਾਬ ਪੁਲਿਸ ਰੋਜ਼ਾਨਾ ਸਕੂਲਾਂ ਕਾਲਜਾਂ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕਰਕੇ ਸਕੂਲੀ ਵਿਦਿਆਰਥੀਆਂ ਅਤੇ ਸਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰ ਰਹੀ ਹੈ ਪਰ ਦੂਜੇ ਪਾਸੇ ਆਪ ਸ਼ਰੇਆਮ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾ ਰਹੀ ਹੈ।