ਡੇਰਾਬੱਸੀ (ਹਰਵਿੰਦਰ ਹੈਰੀ) : ਡੇਰਾਬੱਸੀ ਗੁਲਾਬਗੜ ਰੋਡ ਤੇ ਸਥਿਤ ਇੱਕ ਦੁਕਾਨ ਵਿੱਚ ਛੇ ਵਾਰ ਚੋਰੀ ਹੋਣ ਦੀ ਵਾਰਦਾਤ ਹੋਣ ਦਾ ਪਤਾ ਲੱਗਾ ਹੈ। ਦੁਕਾਨ ਮਾਲਕ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਮੁਲਾਜ਼ਮ ਹਰ ਵਾਰ ਕਿਸੇ ਹੋਰ ਮਾਮਲੇ ਵਿੱਚ ਵਿਅਸਤ ਹੋਣ ਬਾਰੇ ਕਹਿ ਦਿੰਦੇ ਹਨ। ਜਿਸ ਕਾਰਨ ਦੁਕਾਨ ਮਾਲਕ ਘਬਰਾਇਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾਬੱਸੀ ਗੁਲਾਬਗੜ ਰੋਡ ਤੇ ਗਲ਼ੀ ਨੰਬਰ ਵਿਖੇ ਅਸ਼ੋਕ ਕੁਮਾਰ ਪੁੱਤਰ ਚੰਦਮਾ ਸਿੰਘ ਵਾਸੀ ਗੁਲਾਬਗੜ ਨੇ ਦੱਸਿਆ ਕਿ ਉਸ ਨੇ ਗੁਲਾਬਗੜ ਰੋਡ ਤੇ ਇੱਕ ਜਰਨਲ ਸਟੋਰ ਖੋਲਿਆਂ ਹੋਇਆ ਹੈ। ਜਿਸ ਵਿੱਚ ਹਰ ਤਰ੍ਹਾਂ ਦਾ ਸਮਾਨ ਮੌਜੂਦ ਹੈ। ਉਸ ਦੀ ਦੁਕਾਨ ਵਿਚੋਂ ਬੀਤੇ ਕਈ ਮਹੀਨੇ ਪਹਿਲਾਂ ਚੋਰੀ ਦੀ ਵਾਰਦਾਤ ਵਾਪਰ ਗਈ ਸੀ। ਪਰ ਉਸ ਦੀ ਦੁਕਾਨ ਵਿਚ ਸੀਸੀਟੀਵੀ ਕੈਮਰੇ ਨਾਲ ਹੋਣ ਕਾਰਨ ਚੋਰਾਂ ਬਾਰੇ ਪਤਾ ਨਹੀਂ ਲੱਗ ਸਕਿਆ ਸੀ। ਇਸ ਵਾਰਦਾਤ ਦੇ ਵਾਪਰਨ ਤੋਂ ਬਾਅਦ ਉਸ ਨੇ ਆਪਣੀ ਦੁਕਾਨ ਵਿੱਚ ਸੀਸੀਟੀਵੀ ਕੈਮਰੇ ਲਗਵਾ ਦਿੱਤੇ ਸੀ। ਜਿਸ ਤੋਂ ਬਾਅਦ ਵੀ ਚੋਰਾਂ ਨੇ ਉਸ ਦੀ ਦੁਕਾਨ ਨੂੰ ਵਾਰ ਨਿਸ਼ਾਨਾ ਬਣਾਇਆ। ਪਰ ਜਦੋਂ ਵੀ ਉਸ ਨੇ ਪੁਲਿਸ ਨੂੰ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ ਤਾਂ ਪੁਲਿਸ ਉਸ ਨੂੰ ਕਾਰਵਾਈ ਕਰਨ ਦਾ ਲਾਰਾ ਹੀ ਲਗਾਉਦੀ ਰਹੀ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਸ ਨੇ ਦੱਸਿਆ ਕਿ ਉਹ ਕੱਲ ਆਪਣੀ ਦੁਕਾਨ ਤੇ ਬੈਠਾ ਸੀ ਜਦੋਂ ਉਹ ਦਵਾਈ ਲੈਣ ਲਈ ਆਪਣੀ ਨੇੜੇ ਸਥਿਤ ਦਵਾਈ ਦੀ ਦੁਕਾਨ ਤੇ ਗਿਆ ਤਾਂ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਉਸ ਦੀ ਦੁਕਾਨ ਵਿਚੋਂ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ। ਚੋਰੀ ਦੀ ਇਹ ਸਾਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਤੋਂ ਪਹਿਲਾਂ ਵੀ ਉਸ ਦੀ ਦੁਕਾਨ ਵਿਚ ਛੇ ਵਾਰ ਚੋਰੀ ਦੀ ਵਾਰਦਾਤ ਵਾਪਰ ਚੁੱਕੀ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਤਸਵੀਰ ਤੋਂ ਪਤਾ ਕੀਤਾ ਹੈ ਕਿ ਇਹ ਨੋਜਵਾਨ ਇਥੋਂ ਦੇ ਨਜ਼ਦੀਕੀ ਪਿੰਡ ਅਮਲਾਲਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿਚੋਂ ਇਕ ਦਾ ਨਾਂਅ ਕਾਲੂ ਹੈ। ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਪਰ ਪੁਲਿਸ ਹਰ ਵਾਰ ਦੀ ਤਰ੍ਹਾਂ ਕਾਰਵਾਈ ਕਰਨ ਦਾ ਲਾਰਾ ਲਗਾ ਦਿੰਦੀ ਹੈ। ਪੁਲਿਸ ਨੇ ਅੱਜ ਤੱਕ ਵੀ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ ਕੀਤੀ। ਜਿਸ ਕਾਰਨ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗ਼ਲਤ ਅਨਸਰਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੀ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਦੀ ਮਦਦ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਜਿਹੇ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ।