ਡੇਰਾਬੱਸੀ/ਲਾਲੜੂ (ਹਰਵਿੰਦਰ ਹੈਰੀ) : ਲਾਲੜੂ ਦੇ ਉਦਯੋਗਿਕ ਖੇਤਰ ਵਿੱਚ ਵੱਧ ਰਹੀਆਂ ਲੁੱਟ -ਖੋਹ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਲਾਲੜੂ ਇੰਡਸਟਰੀਅਲ ਐਸੋਸੀਏਸ਼ਨ (ਐਲਆਈਏ) ਦੇ ਵਫਦ ਨੇ ਥਾਣਾ ਮੁੱਖੀ ਲਾਲੜੂ ਗੁਰਜੀਤ ਸਿੰਘ ਨੂੰ ਇੱਕ ਪੱਤਰ ਸੌਂਪਿਆ, ਜਿਨ੍ਹਾਂ ਇਸ ਵਫਦ ਦੀ ਗੱਲ ਨੂੰ ਧਿਆਨ ਨਾਲ ਸੁਣਦਿਆਂ ਉੱਚਿਤ ਕਾਰਵਾਈ ਦਾ ਭਰੋਸਾ ਦਿਵਾਇਆ।ਲਾਲੜੂ ਇੰਡਸਟਰੀਜ਼ ਐਸੋਸੀਏਸ਼ਨ ਦੇ ਚੱਠਾ ਫੂਡਜ਼, ਸ਼ਿਆਮ ਇੰਡੋਸਪਿੰਨ, ਰਾਮਾ ਇੰਡਸਟਰੀਜ਼, ਪਨੇਸ਼ੀਆ ਬਾਇਓਟੈੱਕ, ਸਟੀਲ ਸਟਰਿਪਜ਼, ਨਾਹਰ ਇੰਡਸਟਰੀਜ਼, ਆਨੰਦ ਨਿਸ਼ੀਕਾਵਾ ਤੇ ਹੰਸਾ ਮੈਟੇਲਿਕ ਦੇ ਅਧਿਕਾਰੀਆਂ ਆਧਾਰਿਤ ਵਫਦ ਨੇ ਇਨ੍ਹਾਂ ਲੁੱਟਾਂ -ਖੋਹਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਸ਼ਰਾਰਤੀ ਅਨਸਰ ਧਾਰਦਾਰ ਹਥਿਆਰਾਂ ਨਾਲ ਵੱਖ-ਵੱਖ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਡਰਾ-ਧਮਕਾ ਕੇ ਲੱਟ-ਖੋਹ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਵਿੱਚ ਇਸ ਤਰ੍ਹਾਂ ਦੀਆਂ ਚਾਰ ਘਟਨਾਵਾਂ ਹੋ ਚੁੱਕੀਆਂ ਹਨ।ਐਲ ਆਈ ਏ ਦੇ ਵਫਦ ਨੇ ਕਿਹਾ ਕਿ ਉਨ੍ਹਾਂ ਆਪਣੇ ਪੱਤਰ ਰਾਹੀਂ ਥਾਣਾ ਮੁੱਖੀ ਨੂੰ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੁੱਟ-ਖੋਹ ਦੀਆਂ ਘਟਨਾਵਾਂ ਰੋਕਣ ਲਈ ਉਦਯੋਗਿਕ ਖੇਤਰਾਂ ਨੇੜੇ ਰਾਤ ਵੇਲੇ ਲਗਾਤਾਰ ਪੁਲਿਸ ਦੀ ਗਸ਼ਤ ਦੀ ਲੋੜ ਹੈ।ਇਸ ਤੋਂ ਇਲਾਵਾ ਉਦਯੋਗਾਂ ਨੂੰ ਸ਼ਹਿਰ ਤੇ ਪਿੰਡਾਂ ਨਾਲ ਜੋੜਦੀਆਂ ਸੜਕਾਂ ਉਤੇ ਕੈਮਰੇ ਲਗਾਏ ਜਾਣੇ ਚਾਹੀਦੇ ਹਨ।ਇਸੇ ਤਰ੍ਹਾਂ ਸੜਕਾਂ ਉਤੇ ਸਹੀ ਰੌਸ਼ਨੀ ਦਾ ਪ੍ਰਬੰਧ ਕਰਵਾਉਣ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਕੰਪਨੀ ਮੁਲਾਜ਼ਮਾਂ ਨੂੰ ਜਾਗਰੂਕ ਕਰਨ ਹਿੱਤ ਇੱਕ ਜਾਗਰੂਕਤਾ ਪ੍ਰੋਗਰਾਮ ਵੀ ਕਰ ਸਕਦਾ ਹੈ।ਥਾਣਾ ਮੁੱਖੀ ਨੂੰ ਪੱਤਰ ਸੌਂਪਣ ਉਪਰੰਤ ਇਹ ਵਫਦ ਨਗਰ ਕੌਂਸਲ ਦੇ ਦਫਤਰ ਵੀ ਪੁੱਜਿਆ, ਜਿੱਥੇ ਉਨ੍ਹਾਂ ਉਦਯੋਗ ਖੇਤਰ ਨੂੰ ਲੱਗਦੀਆਂ ਖਸਤਾ ਹਾਲ ਸੜਕਾਂ ਨੂੰ ਬਣਾਉਣ ਤੇ ਲੋੜ ਮੁਤਾਬਕ ਮੁਰੰਮਤ ਕਰਨ ਦੇ ਨਾਲ -ਨਾਲ ਇਨ੍ਹਾਂ ਸੜਕਾਂ ਉਤੇ ਲੱਗੀਆਂ ਸਟਰੀਟ ਲਾਈਟਾਂ ਠੀਕ ਕਰਨ ਦੀ ਮੰਗ ਉਠਾਈ।ਇਸ ਵਫਦ ਨੇ ਕਿਹਾ ਕਿ ਕਿਸੇ ਵੀ ਉਦਯੋਗ ਦੇ ਵਧਣ-ਫੁੱਲਣ ਲਈ ਸੁਰੱਖਿਅਤ ਮਾਹੌਲ ਬੇਹੱਦ ਜ਼ਰੂਰੀ ਹੈ ਤੇ ਇਹ ਮਾਹੌਲ ਬਣਾਉਣ ਵਿਚ ਐਲ ਆਈ ਏ ਖੁਦ ਵੀ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਲਈ ਤਿਆਰ ਹੈ।ਵਫਦ ਨੇ ਦੱਸਿਆ ਕਿ ਥਾਣਾ ਮੁੱਖੀ ਨੇ ਉਨ੍ਹਾਂ ਨੂੰ ਉਦਯੋਗਿਕ ਖੇਤਰ ਵਿੱਚ ਗਸ਼ਤ ਵਧਾਉਣ ਤੋਂ ਇਲਾਵਾ ਇੰਡਸਟਰੀ ਨੂੰ ਪੂਰਨ ਸਹਿਯੋਗ ਕਰਨ ਦੀ ਗੱਲ ਕਹੀ ਹੈ।