ਬਾਰ ਐਸੋਸੀਏਸ਼ਨ ਐਸ.ਏ.ਐਸ. ਨਗਰ ਦੀਆਂ 16 ਦਸੰਬਰ 2022 ਨੂੰ ਹੋਈਆਂ ਚੋਣਾਂ ਵਿਰੁੱਧ ਬਾਰ ਐਸੋਸੀਏਸ਼ਨ ਐਸ.ਏ.ਐਸ. ਨਗਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਸਨੇਹਪ੍ਰੀਤ ਸਿੰਘ ਨੇ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਵਿੱਚ ਚੋਣ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਇਕ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਅੱਜ ਮਨਜ਼ੁੂਰ ਕਰ ਲਿਆ ਗਿਆ ਹੈ ਅਤੇ ਚੋਣ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮੌਜੂਦਾ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਤੂਰ ਨੂੰ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਸਿਆ ਕਿ ਇਹ ਬਿਲਕੁਲ ਗਲਤ ਹੋਇਆ ਹੈ। ਐਡਵੋਕੇਟ ਪਰਮਿੰਦਰ ਸਿੰਘ ਤੂਰ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਤੂਰ ਦਾ ਕਹਿਣਾ ਹੈ ਇਹ ਆਰਡਰ ਬਾਰ ਕੌਂਸਲ ਮੈਂਬਰ ਅਤੇ ਮੌਜੂਦਾ ਕੋ ਚੇਅਰਮੈਨ ਐਡਵੋਕੇਟ ਕਰਮਜੀਤ ਚੌਧਰੀ ਦੇ ਦਬਾਅ ਹੇਠ ਜਾਰੀ ਕੀਤਾ ਗਿਆ ਹੈ ਕਿਉਂਕਿ ਐਡਵੋਕੇਟ ਕਰਮਜੀਤ ਚੌਧਰੀ ਦੀ ਐਡਵੋਕੇਟ ਸਨੇਹਪ੍ਰੀਤ ਸਿੰਘ (ਸਾਬਕਾ ਪ੍ਰਧਾਨ) ਨਾਲ ਨੇੜਤਾ ਹੈ ਅਤੇ ਇਕੱਠੇ ਜੂਨ ਦੀਆਂ ਛੁਟੀਆਂ ਵਿਚ ਕੇਰਲਾ ਘੁੰਮ ਕੇ ਆਏ ਹਨ।
ਜਿਹੜੀਆਂ 27 ਵੋਟਾਂ ਦੇ ਗਲਤ ਭੁਗਤਣ ਸਬੰਧੀ ਐਡਵੋਕੇਟ ਸਨੇਹਪ੍ਰੀਤ ਸਿੰਘ (ਸਾਬਕਾ ਪ੍ਰਧਾਨ) ਦੋਸ਼ ਲਗਾ ਰਹੇ ਹਨ ਉਨ੍ਹਾਂ ਬਾਰੇ ਐਡਵੋਕੇਟ ਪਰਮਿੰਦਰ ਸਿੰਘ ਤੂਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਨੇ ਮਿਥੇ ਸਮੇਂ 31.10.2022 ਤੱਕ ਕਾਫੀ ਐਡਵੋਕੇਟਾਂ ਦੇ ਚੰਦੇ ਅਤੇ ਹਲਫੀਆ ਬਿਆਨ ਫ਼ੜੇ ਨਹੀਂ ਸਨ। ਇਸ ਬਾਬਤ ਕਾਫੀ ਮੈਂਬਰਾਂ ਨੇ ਬਾਰ ਕੌਂਸਲ ਵਿੱਚ ਕਈ ਸ਼ਿਕਾਇਤਾਂ ਕੀਤੀਆਂ ਸੀ ਜਿਸ ’ਤੇ ਸਾਬਕਾ ਪ੍ਰਧਾਨ ਐਡਵੋਕੇਟ ਸਨੇਹਪ੍ਰੀਤ ਸਿੰਘ ਨੂੰ ਰਿਕਾਰਡ ਸਮੇਤ 3 ਵਾਰ ਤਲਬ ਕੀਤਾ ਸੀ ਪਰ ਐਡਵੋਕੇਟ ਸਨੇਹਪ੍ਰੀਤ ਸਿੰਘ (ਸਾਬਕਾ ਪ੍ਰਧਾਨ) ਦੇ ਬਾਰ ਕੌਂਸਲ ਕੋਲ ਹਾਜ਼ਰ ਨਾ ਹੋਣ ’ਤੇ ਕਮੇਟੀ ਨੇ ਵਾਇਸ ਪ੍ਰਧਾਨ ਐਡਵੋਕੇਟ ਜਸਪਾਲ ਸਿੰਘ ਨੂੰ ਚੰਦੇ ਅਤੇ ਹਲਫ਼ੀਆ ਬਿਆਨ ਲੈ ਕੇ ਕਮੇਟੀ ਕੋਲ ਜਮ੍ਹਾ ਕਰਵਾਉਣ ਲਈ ਕਿਹਾ ਸੀ ਜਿਸ ’ਤੇ ਵਾਇਸ ਪ੍ਰਧਾਨ ਐਡਵੋਕੇਟ ਜਸਪਾਲ ਸਿੰਘ ਨੇ 51 ਐਡਵੋਕੇਟਾਂ ਦੇ ਹਲਫੀਆ ਬਿਆਨ ਜਮ੍ਹਾ ਕਰਵਾਏ, ਇਨ੍ਹਾਂ ਵਿਚੋਂ 27 ਐਡਵੋਕੇਟਾਂ ਦੇ ਚੈੱਕ ਵੀ, ਜਿਹੜੇ ਕਿ ਸਾਬਕਾ ਪ੍ਰਧਾਨ ਨੇ ਨਹੀਂ ਫੜੇ ਸਨ, ਉਹ ਵਾਇਸ ਪ੍ਰਧਾਨ ਨੇ ਕਮੇਟੀ ਕੋਲ ਜਮ੍ਹਾ ਕਰਵਾ ਦਿੱਤੇ ਸੀ। ਕਮੇਟੀ ਨੇ 28.11.2022 ਨੂੰ ਆਪਣੇ ਹੁਕਮ ਸੁਣਾਏ ਅਤੇ 509 ਮੈਂਬਰਾਂ ਦੀ ਲਿਸਟ ਨੂੰ ਤਸਦੀਕ ਕੀਤਾ ਅਤੇ ਰਿਟਰਨਿੰਗ ਅਫ਼ਸਰ ਨੂੰ ਇਸ ਲਿਸਟ ਮੁਤਾਬਿਕ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਅਤੇ ਇਹ ਚੋਣ ਲਿਸਟ ਮੁਤਾਬਿਕ ਹੀ ਹੋਈ ਹੈ ਅਤੇ ਇਸ ਲਿਸਟ ਨੂੰ ਨਾ ਤਾਂ ਸਾਬਕਾ ਪ੍ਰਧਾਨ ਜਾਂ ਕਿਸੇ ਹੋਰ ਵੱਲੋਂ ਚੈਲੰਜ ਕੀਤਾ ਗਿਆ। ਪਰ ਜਦੋਂ ਚੋਣਾਂ ਹੋ ਗਈਆਂ ਅਤੇ ਇਨ੍ਹਾਂ ਦੀ ਟੀਮ ਹਾਰ ਗਈ ਤਾਂ ਇਨ੍ਹਾਂ ਨੇ ਇਹ 27 ਮੈਂਬਰਾਂ ਦੇ ਚੰਦੇ ਜਮ੍ਹਾ ਨਾ ਹੋਣ ਦਾ ਮੁੱਦਾ ਚੁੱਕ ਲਿਆ ਜਦਕਿ ਕਮੇਟੀ ਵੱਲੋਂ 28.11.2022 ਨੂੰ ਆਪਣਾ ਹੁਕਮ ਜਾਰੀ ਕਰ ਕੇ ਐਡਵੋਕੇਟ ਜਸਪਾਲ ਸਿੰਘ (ਸਾਬਕਾ ਵਾਇਸ ਪ੍ਰਧਾਨ) ਨੂੰ ਚੈਕ ਬਾਰ ਐਸੋਸੀਏਸ਼ਨ ਦੇ ਖਾਤੇ ਵਿਚ ਜਮ੍ਹਾ ਕਰਵਾਉਣ ਦੀ ਹਦਾਇਤ ਕੀਤੀ ਸੀ ਉਸ ਵੱਲੋਂ ਨਾ ਜਮ੍ਹਾ ਕਰਵਾਉਣ ਦੀ ਸੂਰਤ ਵਿੱਚ ਜ਼ੁੰਮੇਵਾਰੀ ਉਸ ਸਮੇਂ ਦੇ ਪ੍ਰਧਾਨ (ਸਨੇਹਪ੍ਰੀਤ ਸਿੰਘ ਸਾਬਕਾ ਪ੍ਰਧਾਨ) ਜਾਂ ਉਸ ਦੀ ਚੁਣੀ ਹੋਈ ਕਮੇਟੀ ਦੀ ਬਣਦੀ ਸੀ ਪਰ ਜਦੋਂ ਚੋਣਾਂ ਹਾਰ ਗਏ ਤਾਂ ਇਸ ਨੂੰ ਮੁੱਦਾ ਬਣਾ ਲਿਆ। ਇਥੇ ਇਹ ਵੀ ਦੱਸਣਯੋਗ ਹੈ ਕਿ 27 ਵਿਚੋਂ 5 ਚੈਕ ਇਨ੍ਹਾਂ ਦੇ ਨਾਲ ਰਲ ਕੇ ਉਪ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਲੜਨ ਵਾਲੇ ਐਡਵੋਕੇਟ ਸੁਖਚੈਨ ਸਿੰਘ ਸੋਢੀ ਵੱਲੋਂ ਜਾਰੀ ਕੀਤੇ ਗਏ ਹਨ।
ਪਟੀਸ਼ਨ ਮੈਨਟੇਨਏਬਲ ਨਹੀਂ ਹੈ : ਐਡਵੋਕੇਟ ਪਰਮਿੰਦਰ ਸਿੰਘ ਤੂਰ
ਐਡਵੋਕੇਟ ਪਰਮਿੰਦਰ ਸਿੰਘ ਤੂਰ (ਪ੍ਰਧਾਨ) ਨੇ ਕਿਹਾ ਕਿ ਸਾਬਕਾ ਪ੍ਰਧਾਨ ਐਡਵੋਕੇਟ ਸਨੇਹਪ੍ਰੀਤ ਸਿੰਘ ਵੱਲੋਂ ਪਾਈ ਇਹ ਪਟੀਸ਼ਨ ਮੈਨਟੇਨਏਬਲ ਨਹੀਂ ਹੈ ਅਤੇ ਬਾਰ ਕੌਂਸਲ ਦੀ ਕਮੇਟੀ ਨੇ ਜ਼ਰੂਰੀ ਤੱਥਾਂ ਨੂੰ ਨਜ਼ਰਅੰਦਾਜ਼ ਕਰਦਿਆਂ ਦਬਾਅ ਹੇਠ ਆਪਣਾ ਫ਼ੈਸਲਾ ਸੁਣਾਇਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਬਾਰ ਕੌਂਸਲਰ ਦੇ ਨਿਯਮਾਂ ਅਨੁਸਾਰ ਵੋਟਰ ਲਿਸਟ ਨੂੰ ਇਲੈਕਸ਼ਨ ਪਟੀਸ਼ਨ ਦੁਆਰਾ ਚੈਲੰਜ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇਸ ਪਟੀਸ਼ਨ ਵਿੱਚ ਹਾਰਨ ਅਤੇ ਜਿੱਤਣ ਵਾਲਿਆਂ ਨੂੰ ਪਾਰਟੀ ਬਣਾਉਣਾ ਹੁੰਦਾ ਹੈ ਜਦਕਿ ਇਨ੍ਹਾਂ ਨੇ ਆਪਣੀ ਇਲੈਕਸ਼ਨ ਪਟੀਸ਼ਨ ਵਿਚ ਅਜਿਹਾ ਨਹੀਂ ਕੀਤਾ। ਐਡਵੋਕੇਟ ਪਰਮਿੰਦਰ ਸਿੰਘ ਤੂਰ (ਪ੍ਰਧਾਨ) ਨੇ ਕਿਹਾ ਕਿ ਐਡਵੋਕੇਟ ਸਨੇਹਪ੍ਰੀਤ ਸਿੰਘ (ਸਾਬਕਾ ਪ੍ਰਧਾਨ) ਨੇ ਆਪਣੀ ਪਹਿਲੀ ਪਟੀਸ਼ਨ ਵਿਚ ਸਿਰਫ਼ ਇਕ ਆਰ.ਓ. ਅਤੇ ਦੋ ਏ.ਆਰ.ਓ. ਨੂੰ ਆਪਣੀ ਪਟੀਸ਼ਨ ਵਿਚ ਪਾਰਟੀ ਬਣਾਇਆ ਹੈ। ਇਸ ਤੋਂ ਇਲਾਵਾ ਇਸ ਪਟੀਸ਼ਨ ਵਿਚ ਕਿਸੇ ਵੀ ਤਰ੍ਹਾਂ ਦੀ ਅਮੈਂਡਮੈਂਟ ਨਹੀਂ ਹੋ ਸਕਦੀ ਜਦਕਿ ਇਨ੍ਹਾਂ ਨੇ ਇਸ ਵਿੱਚ ਅਮੈਂਡਮੈਂਟ ਕਰਵਾ ਕੇ ਮੈਨੂੰ (ਐਡਵੋਕੇਟ ਪਰਮਿੰਦਰ ਸਿੰਘ ਤੂਰ (ਪ੍ਰਧਾਨ)) ਅਤੇ ਐਡਵੋਕੇਟ ਰਾਜੇਸ਼ ਗੁਪਤਾ ਨੂੰ ਪਾਰਟੀ ਬਣਾਇਆ ਹੈ ਪਰ ਹੋਰ ਉਮੀਦਵਾਰਾਂ ਨੂੰ ਪਾਰਟੀ ਨਹੀਂ ਬਣਾਇਆ। ਇਸ ਤੋਂ ਇਲਾਵਾ ਪਟੀਸ਼ਨ ਦੀ ਹਰੇਕ ਕਾਪੀ ਦੇ ਹਰੇਕ ਪੇਜ਼ ਉਪਰ ਦਸਤਖ਼ਤ ਜ਼ਰੂਰੀ ਹੁੰਦੇ ਹਨ ਜਿਹੜੇ ਕਿ ਨਹੀਂ ਕੀਤੇ ਗਏ ਅਤੇ ਪਟੀਸ਼ਨ ਨੂੰ ਨਿਯਮਾਂ ਅਨੁਸਾਰ ਵੈਰੀਫ਼ਾਈ ਵੀ ਨਹੀਂ ਕੀਤਾ ਗਿਆ। ਐਡਵੋਕੇਟ ਪਰਮਿੰਦਰ ਸਿੰਘ ਤੂਰ (ਪ੍ਰਧਾਨ) ਨੇ ਕਿਹਾ ਕਿ ਪਟੀਸ਼ਨ ਅਤੇ ਆਰਡਰ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ 27 ਵਿਚੋਂ ਕਿੰਨੀਆਂ ਵੋਟਾਂ ਭੁਗਤੀਆਂ ਹਨ ਅਤੇ ਜੇ ਭੁਗਤੀਆਂ ਹਨ ਤਾਂ ਇਹ ਕਿਸ ਨੂੰ ਪਈਆਂ ਹਨ ਜਦਕਿ ਵੋਟਾਂ ਦੀ ਪੂਰੀ ਵੀਡੀਓ ਗ੍ਰਾਫ਼ੀ ਹੋਈ ਅਤੇ ਵੋਟਾਂ ਸਿਕਰੇਟ ਬੈਲਟ ਪੇਪਰ ਨਾਲ ਪਈਆਂ ਹਨ। ਉਨ੍ਹਾਂ ਕਿਹਾ ਕਿ ਜੁਆਇੰਟ ਸੈਕਟਰੀ 100 ਤੋਂ ਵੱਧ ਵੋਟਾਂ ਦੇ ਮਾਰਜਨ ਨਾਲ ਜਿੱਤੀ ਹੈ ਪਰ ਜੇਕਰ ਸਾਬਕਾ ਪ੍ਰਧਾਨ ਅਨੁਸਾਰ ਵੋਟਾਂ ਘਟਾ ਦਿੱਤੀਆਂ ਜਾਣ ਤਾਂ ਵੀ ਉਸ ਦਾ ਫ਼ਰਕ 100 ਵੋਟਾਂ ਦੇ ਕਰੀਬ ਹੋਵੇਗਾ। ਐਡਵੋਕੇਟ ਪਰਮਿੰਦਰ ਸਿੰਘ ਤੂਰ (ਪ੍ਰਧਾਨ) ਨੇ ਕਿਹਾ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕਮੇਟੀ ਨੇ ਇਹ ਫ਼ੈਸਲਾ ਤੱਥਾਂ ਨੂੰ ਅਣਗੋਲਿਆਂ ਕਰ ਕੇ ਦਬਾਅ ਹੇਠ ਆ ਕੇ ਲਿਆ ਹੈ ਅਤੇ ਅਸੀਂ ਕਮੇਟੀ ਦੇ ਇਸ ਗ਼ਲਤ ਫ਼ੈਸਲੇ ਨੂੰ ਚੈਲੰਜ ਕਰਾਂਗਾ।