ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਪੰਜਾਬ ਦਾ ਪਹਿਲਾ ਸਕੂਲ ਆਫ ਐਮੀਨੈਂਸ ਲੋਕ ਅਰਪਿਤ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਇਸ ਮੌਕੇ ਆਉਣ 'ਤੇ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਸੁਫ਼ਨਾ ਸੀ ਕਿ ਪੰਜਾਬ ਦਾ ਹਰ ਨੌਜਵਾਨ ਪੜ੍ਹ-ਲਿਖ ਕੇ ਤਰੱਕੀ ਕਰੇ, ਜੋ ਕਿ ਪੂਰਾ ਹੁੰਦਾ ਦਿਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਤਾਂ ਪਹਿਲਾਂ ਵੀ ਸਨ, ਜਿਨ੍ਹਾਂ ਨੂੰ ਸਮਾਜ ਸਕੂਲ ਦਾ ਨਾਂ ਦਿੱਤਾ ਗਿਆ ਸੀ ਪਰ ਉੱਥੇ ਨਾ ਤਾਂ ਪੜ੍ਹਾਈ ਦਾ ਮਾਹੌਲ ਸੀ ਅਤੇ ਨਾ ਹੀ ਪੜ੍ਹਨ ਦਾ। ਸਕੂਲਾਂ 'ਚ ਨਾ ਫਰਨੀਚਰ ਸੀ, ਨਾ ਬਾਥਰੂਮ ਸੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਕੂਲਾਂ ਨੂੰ ਪੜ੍ਹਨ ਅਤੇ ਪੜ੍ਹਾਉਣ ਦੇ ਲਾਇਕ ਬਣਾਇਆ, ਵਧੀਆ ਕਲਾਸਰੂਮ ਬਣਾਏ, ਅਧਿਆਪਕਾਂ ਨਾਲ ਮੀਟਿੰਗਾਂ ਕੀਤੀਆਂ, ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਬਾਹਰੋਂ ਲਿਖਣ ਨਾਲ ਕੋਈ ਸਕੂਲ ਸਮਾਰਟ ਨਹੀਂ ਬਣਦਾ, ਸਗੋਂ ਮਾਹੌਲ ਚਾਹੀਦਾ ਹੈ। ਇਸੇ ਤਰ੍ਹਾਂ ਦਿੱਲੀ 'ਚ ਹੋਇਆ, ਜਿੱਥੇ ਸਰਕਾਰੀ ਸਕੂਲਾਂ ਦਾ ਬੇਹੱਦ ਬੁਰਾ ਹਾਲ ਸੀ ਪਰ ਹੁਣ ਲੋਕ ਬਾਹਰੋਂ ਦਿੱਲੀ ਦੇ ਸਰਕਾਰੀ ਸਕੂਲ ਦੇਖਣ ਲਈ ਆਉਂਦੇ ਹਨ। ਅਸੀਂ ਵੀ ਇਨ੍ਹਾਂ ਦੇ ਤਜੁਰਬੇ ਤੋਂ ਸਿੱਖਿਆ ਅਤੇ ਸਾਨੂੰ ਇਹ ਸਭ ਕਰਨ 'ਚ ਘੱਟ ਸਮਾਂ ਲੱਗਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜੀ ਦਿੱਲੀ 'ਚ ਤਜੁਰਬੇ ਕਰਦੇ ਹਨ ਅਤੇ ਅਸੀਂ ਪੰਜਾਬ 'ਚ ਉਸ ਦਾ ਫ਼ਾਇਦਾ ਚੁੱਕ ਲੈਂਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਖੋਲ੍ਹੇ ਗਏ 'ਆਮ ਆਦਮੀ ਕਲੀਨਿਕਾਂ' 'ਚ 50 ਲੱਖ ਬੰਦਾ ਦਵਾਈ ਲੈ ਕੇ ਠੀਕ ਹੋ ਗਿਆ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਰਹੀ ਹੈ ਅਤੇ ਹੁਣ ਤੱਕ 36 ਹਜ਼ਾਰ 97 ਨਿਯੁਕਤੀ ਪੱਤਰ ਹੁਣ ਤੱਕ ਵੰਡੇ ਜਾ ਚੁੱਕੇ ਹਨ। ਪਿੰਡਾਂ 'ਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਕਿ ਸਾਡੇ ਪਿੰਡ ਦੇ ਮੁੰਡੇ-ਕੁੜੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਸਰਕਾਰੀ ਨੌਕਰੀਆਂ ਲੈ ਰਹੇ ਹਨ, ਜਦੋਂ ਕਿ ਇਹ ਪਹਿਲਾ ਕਦੇ ਨਹੀਂ ਹੋਇਆ।