ਤਰਨਤਾਰਨ - ਕਹਿੰਦੇ ਹਨ ਕਿ ਪਰਮਾਤਮਾ ਦੀ ਮਰਜ਼ੀ ਅੱਗੇ ਕੁਝ ਵੀ ਨਹੀਂ ਹੁੰਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਤਰਨਤਾਰਨ 'ਚ ਇਕ ਔਰਤ ਵੱਲੋਂ 3 ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ। ਔਰਤ ਰਣਜੀਤ ਕੌਰ ਨੇ ਵਿਆਹ ਦੇ 17 ਸਾਲਾ ਬਾਅਦ 3 ਬੱਚਿਆਂ ਨੂੰ ਜਨਮ ਦਿੱਤਾ। ਪਰਮਾਤਮਾ ਨੇ ਹੁਣ ਇਸ ਪਰਿਵਾਰ ਦੀ ਫਰਿਆਦ ਸੁਣੀ ਹੈ। ਹੁਣ ਘਰ 'ਚ ਤਿਨੋਂ ਬੱਚਿਆਂ ਦੀਆਂ ਕਿਲਕਾਰੀਆਂ ਗੁੰਜਣਗੀਆਂ। ਪਰਿਵਾਰ 'ਚ ਕਾਫ਼ੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਸਥਾਨਕ ਫੋਕਲ ਪੁਆਇੰਟ ਵਿਖੇ ਮੌਜੂਦ ਸਿਟੀ ਹਸਪਤਾਲ ਅੰਦਰ ਮਾਹਿਰ ਡਾਕਟਰਾਂ ਵੱਲੋਂ ਕੀਤੇ ਸਫ਼ਲ ਆਪ੍ਰੇਸ਼ਨ ਦੌਰਾਨ ਇਕ ਗਰਭਵਤੀ ਔਰਤ ਵੱਲੋਂ 3 ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ, ਜਿਨ੍ਹਾਂ ’ਚ 2 ਕੁੜੀਆਂ ਅਤੇ ਇਕ ਮੁੰਡਾ ਹੈ।
ਜਾਣਕਾਰੀ ਦਿੰਦੇ ਹੋਏ ਸਿਟੀ ਹਸਪਤਾਲ ਦੇ ਐੱਮ. ਡੀ. ਜਗਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਰਣਜੀਤ ਕੌਰ ਪਤਨੀ ਹੀਰਾ ਸਿੰਘ ਵਾਸੀ ਪਿੰਡ ਭਲਾਈਪੁਰ ਜ਼ਿਲ੍ਹਾ ਅੰਮ੍ਰਿਤਸਰ ਨੂੰ ਗਰਭਵਤੀ ਅਵਸਥਾ ’ਚ ਦਾਖ਼ਲ ਕੀਤਾ ਗਿਆ ਸੀ, ਜਿਸ ਦਾ ਹਸਪਤਾਲ ਦੇ ਸਰਜਨ ਡਾਕਟਰ ਰਾਜਬੀਰ ਸਿੰਘ ਬਾਜਵਾ ਅਤੇ ਹੋਰ ਟੀਮ ਵੱਲੋਂ ਵੱਡਾ ਆਪ੍ਰੇਸ਼ਨ ਕੀਤਾ ਗਿਆ, ਜਿਸ ਦੌਰਾਨ ਤੰਦਰੁਸਤ 2 ਕੁੜੀਆਂ ਅਤੇ ਇਕ ਮੁੰਡੇ ਨੇ ਜਨਮ ਲਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਬੱਚਿਆਂ ਦੀ ਮਾਂ ਵੀ ਬਿਲਕੁਲ ਠੀਕ ਹੈ ਅਤੇ ਸਮੂਹ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।