ਚੰਡੀਗੜ੍ਹ : ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਜਯੰਤੀ ਮਹਾਂਉਤਸਵ ਸਾਡੇ ਸੱਭਿਆਚਾਰ ਅਤੇ ਅਧਿਆਤਮਿਕ ਵਿਰਾਸਤ ਦੇ ਉਤਸਵ ਦੇ ਨਾਲ-ਨਾਲ ਦੁਨੀਆ ਨਾਲ ਸੰਵਾਦ ਅਤੇ ਸਬੰਧ ਮਜ਼ਬੂਤ ਕਰਨ ਦਾ ਵੀ ਮਹੱਤਵਪੂਰਨ ਮੌਕਾ ਹੈ। ਇਸੇ ਉਦੇਸ਼ ਨਾਲ 16 ਦਸੰਬਰ ਨੂੰ ਜੋਤੀਸਰ ਵਿੱਚ ’ਪਾਂਚਜਨਯ-2026 ਅਫ਼ਰੀਕਾ-ਹਰਿਆਣਾ ਕੌਨਕਲੇਵ’ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੌਨਕਲੇਵ ਵਿੱਚ ਅਫ਼ਰੀਕਾ ਮਹਾਦੀਪ ਦੇ ਨੁਮਾਇੰਦਿਆਂ, ਸੂਬੇ ਵਿੱਚ ਕੰਮ ਕਰ ਰਹੇ ਅਨੇਕਾਂ ਉਦਯੋਗਪਤੀਆਂ, ਵਿਸ਼ਵ ਵਿੱਚ ਕੰਮ ਕਰ ਰਹੇ ਭਾਰਤੀ ਉਦਯੋਗਪਤੀਆਂ ਅਤੇ ਇੰਡਸਟਰੀ ਐਸੋਸੀਏਸ਼ਨਾਂ ਸਮੇਤ ਸਾਰੇ ਸਟੇਕਹੋਲਡਰਾਂ ਨਾਲ ਅਫ਼ਰੀਕਾ ਦੇ ਦੇਸ਼ਾਂ ਅਤੇ ਹਰਿਆਣਾ ਵਿਚਕਾਰ ਵਪਾਰ ਅਤੇ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਗੱਲਬਾਤ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਵਿਦੇਸ਼ ਸਹਿਯੋਗ ਵਿਭਾਗ ਵੱਖ-ਵੱਖ ਦੇਸ਼ਾਂ ਨਾਲ ਸੰਪਰਕ ਅਤੇ ਸਹਿਯੋਗ ਵਧਾਉਣ ਲਈ ਕੰਮ ਕਰ ਰਿਹਾ ਹੈ। ਇਸ ਸਾਲ ਮਹੋਤਸਵ ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਅਤੇ ਵਿਸ਼ੇਸ਼ ਤੌਰ ’ਤੇ ਅਫ਼ਰੀਕਾ ਮਹਾਦੀਪ ਦੇ ਦੇਸ਼ਾਂ ਦੇ ਰਾਜਦੂਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਰਾਜਦੂਤਾਂ ਨੂੰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਰਾਹੀਂ ਸੱਦਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹਰਿਆਣਾ ਦੇ ਉਦਯੋਗਪਤੀਆਂ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਨਵੇਂ ਮੌਕੇ ਉਪਲਬਧ ਕਰਵਾਉਣਾ ਹੈ, ਤਾਂ ਜੋ ਉਹ ਉੱਥੋਂ ਦੇ ਉਦਯੋਗਾਂ ਅਤੇ ਸੰਸਥਾਨਾਂ ਨਾਲ ਸੰਪਰਕ ਸਥਾਪਤ ਕਰਕੇ ਆਪਣਾ ਕਾਰੋਬਾਰ ਅੱਗੇ ਵਧਾ ਸਕਣ।