ਚੰਡੀਗੜ੍ਹ : ਟੋਰਾਂਟੋ ਵਿੱਚ ਇਕ ਫ਼ੈਸ਼ਨ ਸ਼ੋਅ ਵਿੱਚ ਦਸਤਾਰ ਸਜਾ ਕੇ ਸ਼ਾਨਦਾਰ ਕੈਟਵਾਕ ਪੇਸ਼ਕਾਰੀ ਤੋਂ ਬਾਅਦ ਮਾਡਲ ਨਵਜੋਤ ਕੌਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਕੈਨੇਡਾ ਵਿੱਚ ਕੈਟਵਾਕ ’ਤੇ ਕਦਮ ਰਖਦੇ ਹੋਏ ਭਾਰਤੀ ਮੂਲ ਦੀ ਸਿੱਖ ਮਾਡਲ ਨਵਜੋਤ ਕੌਰ ਨੇ ਆਪਣੇ ਵਿਸ਼ਵਾਸ, ਸਭਿਆਚਾਰ ਦੀ ਪਛਾਣ ਬਾਰੇ ਇਕ ਬਹਾਦਰਾਂ ਵਾਲਾ ਬਿਆਨ ਦਿੱਤਾ। ਆਨਲਾਈਨ ਦਰਸ਼ਕਾਂ ਨੇ ਇਕ ਗਲੋਬਲ ਫ਼ੈਸ਼ਨ ਪਲੇਟਫ਼ਾਰਮ ’ਤੇ ਉਸਦੀ ਸੰਜਮ ਅਤੇ ਪ੍ਰਤੀਨਿਧਤਾ ਦੀ ਵਿਆਪਕ ਤੌਰ ’ਤੇ ਸ਼ਲਾਘਾ ਕੀਤੀ। ਇੰਸਟਾਗ੍ਰਾਮ (0Kaur_NavjotKhalsa) ’ਤੇ ਸ਼ੋਅ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਨਵਜੋਤ ਕੌਰ ਨੇ ਇਸ ਪਲ ਨੂੰ ਇਕ ਅਜਿਹੀ ਪ੍ਰਾਪਤੀ ਦੱਸਿਆ ਜਿਸਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਸੀ।
ਨਵਜੋਤ ਕੌਰ ਨੇ ਲਿਖਿਆ ਹੈ ਕਿ ਤੁਸੀਂ ਆਪਣੀ ਪਛਾਣ, ਇਤਿਹਾਸ ਅਤੇ ਵਿਸ਼ਵਾਸ ਨੂੰ ਲੈ ਕੇ ਦੁਨੀਆਂ ਦੇ ਹਰ ਪੜਾਅ ’ਤੇ ਮਜ਼ਬੂਤੀ ਨਾਲ ਖੜੇ੍ਹ ਹੋ ਸਕਦੇ ਹੋ। ਬੱਸ ਆਪਣੇ ਅੰਦਰ ਵੱਸਦੇ ਸਰਵਉਚ ’ਤੇ ਵਿਸ਼ਵਾਸ ਕਰੋ।