ਚੰਡੀਗੜ੍ਹ : ਸੋਸ਼ਲ ਮੀਡੀਆ 'ਤੇ ਕੀਤੀ ਗਈ ਇੱਕ ਮਾਸੂਮ ਗੁਜ਼ਾਰਿਸ਼ ਕਿਸੇ ਲਈ ਜ਼ਿੰਦਗੀ ਭਰ ਦੀ ਖੂਬਸੂਰਤ ਯਾਦ ਬਣ ਸਕਦੀ ਹੈ। ਅਜਿਹਾ ਹੀ ਇੱਕ ਭਾਵੁਕ ਪਲ ਦੇਖਣ ਨੂੰ ਮਿਲਿਆ, ਜਦੋਂ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਕੈਨੇਡਾ ਤੋਂ ਭਾਰਤ ਪਰਤ ਕੇ ਆਪਣੇ ਇੱਕ ਨੰਨ੍ਹੇ ਫੈਨ ਨਾਲ ਕੀਤਾ ਵਾਅਦਾ ਪੂਰਾ ਕੀਤਾ। ਦਰਅਸਲ, ਕੁਝ ਸਮਾਂ ਪਹਿਲਾਂ ਇੱਕ ਬੱਚੇ ਨੇ ਸੋਸ਼ਲ ਮੀਡੀਆ 'ਤੇ ਇੱਕ ਰੀਲ ਬਣਾਕੇ ਸ਼ੈਰੀ ਮਾਨ ਨੂੰ ਮਿਲਣ ਦੀ ਇੱਛਾ ਜਤਾਈ ਸੀ। ਵੀਡੀਓ ਵਿੱਚ ਉਸਨੇ ਦੱਸਿਆ ਸੀ ਕਿ ਉਹ ਸ਼ੈਰੀ ਮਾਨ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹੈ। ਬੱਚੇ ਦੀ ਇਸ ਮਾਸੂਮ ਗੁਜ਼ਾਰਿਸ਼ 'ਤੇ ਸ਼ੈਰੀ ਮਾਨ ਨੇ ਖੁਦ ਕਮੈਂਟ ਕਰਦੇ ਹੋਏ ਭਰੋਸਾ ਦਿਵਾਇਆ ਸੀ ਕਿ ਜਦੋਂ ਵੀ ਉਹ ਕੈਨੇਡਾ ਤੋਂ ਭਾਰਤ ਆਉਣਗੇ, ਉਸ ਨਾਲ ਜ਼ਰੂਰ ਮਿਲਣਗੇ। ਭਾਰਤ ਪਰਤਣ 'ਤੇ ਸ਼ੈਰੀ ਮਾਨ ਨੇ ਬੱਚੇ ਨਾਲ ਮੁਲਾਕਾਤ ਕਰਕੇ ਉਸਦੀ ਖ਼ਾਹਿਸ਼ ਪੂਰੀ ਕੀਤੀ। ਜਿਸ ਕਲਾਕਾਰ ਨੂੰ ਉਹ ਹੁਣ ਤੱਕ ਸਿਰਫ਼ ਮੋਬਾਈਲ ਸਕ੍ਰੀਨ 'ਤੇ ਦੇਖਦਾ ਅਤੇ ਜਿਸਦੇ ਗਾਣੇ ਸੁਣਦਾ ਸੀ, ਉਸਨੂੰ ਆਪਣੇ ਸਾਹਮਣੇ ਪਾ ਕੇ ਬੱਚੇ ਲਈ ਇਹ ਬੇਹੱਦ ਖ਼ਾਸ ਪਲ ਸੀ। ਇਹ ਮੁਲਾਕਾਤ ਕਲਾਕਾਰ ਅਤੇ ਪ੍ਰਸ਼ੰਸਕ ਵਿਚਕਾਰ ਇੱਕ ਖੂਬਸੂਰਤ ਰਿਸ਼ਤੇ ਦੀ ਮਿਸਾਲ ਬਣੀ, ਜਿੱਥੇ ਇੱਕ ਛੋਟੇ ਜਿਹੇ ਵਾਅਦੇ ਨੇ ਕਿਸੇ ਦੇ ਚਿਹਰੇ 'ਤੇ ਵੱਡੀ ਮੁਸਕਾਨ ਲਿਆ ਦਿੱਤੀ। 'ਯਾਰ ਅਣਮੁੱਲੇ', '3 ਪੈਗ' ਅਤੇ 'ਹੋਸਟਲ' ਵਰਗੇ ਸੁਪਰਹਿੱਟ ਗੀਤਾਂ ਨਾਲ ਲੱਖਾਂ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੇ ਸ਼ੈਰੀ ਮਾਨ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ 'ਦੈਟ ਏਰਾ' (That Era) ਟੂਰ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਟੂਰ ਦੀ ਸ਼ੁਰੂਆਤ 28 ਨਵੰਬਰ ਨੂੰ ਚੰਡੀਗੜ੍ਹ ਤੋਂ ਹੋਵੇਗੀ, ਜਿਸ ਤੋਂ ਬਾਅਦ 19 ਦਸੰਬਰ ਨੂੰ ਦਿੱਲੀ ਅਤੇ 31 ਦਸੰਬਰ ਨੂੰ ਕੋਲਕਾਤਾ ਵਿੱਚ ਉਨ੍ਹਾਂ ਦੇ ਲਾਈਵ ਸ਼ੋਅ ਅਤੇ ਕਨਸਰਟ ਆਯੋਜਿਤ ਹੋਣਗੇ।
ਸ਼ੈਰੀ ਮਾਨ ਦੀ ਇਹ ਮੁਲਾਕਾਤ ਯਾਦ ਦਿਵਾਉਂਦੀ ਹੈ ਕਿ ਕਈ ਵਾਰ ਕਿਸੇ ਕਲਾਕਾਰ ਦਾ ਛੋਟਾ ਜਿਹਾ ਕਦਮ ਉਸਦੇ ਪ੍ਰਸ਼ੰਸਕ ਲਈ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਬਣ ਜਾਂਦਾ ਹੈ।