ਚੰਡੀਗੜ੍ਹ : ਹਰਿਆਣਾ ਦੇ ਧਰਮਖੇਤਰ-ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ 5 ਦਸੰਬਰ ਤੋਂ 25 ਦਸੰਬਰ ਤੱਕ 11ਵੇਂ ਅੰਤਰਰਾਸ਼ਟਰੀ ਗੀਤਾ ਮਹਾਂਉਤਸਵ ਦਾ ਆਯੋਜਨ ਕੀਤਾ ਜਾਵੇਗਾ। ਇਸ ਮਹਾਂਉਤਸਵ ਵਿੱਚ ਸੱਭਿਆਚਾਰ, ਗਿਆਨ ਅਤੇ ਅਧਿਆਤਮਿਕਤਾ ਦਾ ਅਦਭੁਤ ਸੰਗਮ ਦੇਖਣ ਨੂੰ ਮਿਲੇਗਾ। ਇਸ ਸਾਲ ਪਹਿਲੀ ਵਾਰ ਦਿੱਲੀ ਅਤੇ ਪੱਛਮੀ ਬੰਗਾਲ ਸਹਿਯੋਗੀ ਰਾਜ ਦੀ ਭੂਮਿਕਾ ਵਿੱਚ ਰਹਿਣਗੇ। ਉੱਥੇ ਹੀ, ਮਾਰੀਸ਼ਸ ਦੇ ਰਾਸ਼ਟਰਪਤੀ ਸ੍ਰੀ ਧਰਮਬੀਰ ਗੋਖੂਲ 14 ਦਸੰਬਰ ਨੂੰ ਬ੍ਰਹਮਸਰੋਵਰ ’ਤੇ ਗੀਤਾ ਯੱਗ ਅਤੇ ਪੂਜਨ ਦੇ ਨਾਲ ਮਹੋਤਸਵ ਦਾ ਵਿਧੀਵਤ ਸ਼ੁਭਾਰੰਭ ਕਰਨਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਜਾਣਕਾਰੀ ਸਨਿਚਰਵਾਰ ਨੂੰ ਕੁਰੂਕਸ਼ੇਤਰ ਦੇ ਜੋਤੀਸਰ ਵਿੱਚ ਅੰਤਰਰਾਸ਼ਟਰੀ ਗੀਤਾ ਮਹਾਂਉਤਸਵ ਦੇ ਆਯੋਜਨ ਨੂੰ ਲੈ ਕੇ ਕਰਵਾਈ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਪੱਛਮੀ ਬੰਗਾਲ ਦੇ ਰਾਜ ਮੰਤਰੀ ਸ੍ਰੀ ਉਮੇਸ਼ ਰਾਏ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਅਤੇ ਸਾਬਕਾ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਇਸ ਪਵਿੱਤਰ ਧਰਤੀ ’ਤੇ ਸਰਸਵਤੀ ਦੇ ਕੰਢਿਆਂ ’ਤੇ ਵੇਦਾਂ, ਉਪਨਿਸ਼ਦਾਂ ਅਤੇ ਪੁਰਾਣਾਂ ਦੀ ਰਚਨਾ ਹੋਈ ਅਤੇ ਇਸੇ ਧਰਤੀ ਨੂੰ ਸ੍ਰੀਮਦਭਗਵਦਗੀਤਾ ਦੀ ਜਨਮਭੂਮੀ ਹੋਣ ਦਾ ਵਿਸ਼ੇਸ਼ ਸੁਭਾਗ ਪ੍ਰਾਪਤ ਹੋਇਆ। ਕੁਰੂਕਸ਼ੇਤਰ ਦੀ ਯੁੱਧਭੂਮੀ ਵਿੱਚ ਮੋਹਗ੍ਰਸਤ ਅਰਜੁਨ ਨੂੰ ਭਗਵਾਨ ਸ੍ਰੀਕ੍ਰਿਸ਼ਨ ਵੱਲੋਂ ਸ੍ਰੀਮਦਭਗਵਦਗੀਤਾ ਦਾ ਜੋ ਸ਼ਾਸ਼ਵਤ ਉਪਦੇਸ਼ ਦਿੱਤਾ ਗਿਆ ਸੀ, ਇਸ ਸਾਲ ਉਸ ਉਪਦੇਸ਼ ਨੂੰ ਦਿੱਤੇ ਹੋਏ 5164 ਸਾਲ ਹੋ ਜਾਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਮਹਾਂਉਤਸਵ ਦੀ ਸ਼ੁਰੂਆਤ 5 ਦਸੰਬਰ ਨੂੰ ਬ੍ਰਹਮਸਰੋਵਰ ਦੇ ਕੰਢੇ ਵਿਸ਼ਾਲ ਸ਼ਿਲਪ ਅਤੇ ਸਰਸ ਮੇਲੇ ਨਾਲ ਹੋਵੇਗੀ। ਇਹ ਮੇਲਾ 25 ਦਸੰਬਰ ਤੱਕ ਕੁੱਲ 21 ਦਿਨ ਚੱਲੇਗਾ। ਇਸ ਵਿੱਚ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਾਕਾਰਾਂ ਅਤੇ ਸ਼ਿਲਪਕਾਰਾਂ ਦਾ ਸੰਗਮ ਦੇਖਣ ਨੂੰ ਮਿਲੇਗਾ। 4 ਦਸੰਬਰ ਨੂੰ ਜੋਤੀਸਰ ਤੋਂ ਸਰਸਵਤੀ ਸੇਤੂ, ਪੀਪਲੀ ਤੱਕ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਗੀਤਾ ਸਦਭਾਵਨਾ ਯਾਤਰਾ ਕੱਢੀ ਜਾਵੇਗੀ। 5 ਦਸੰਬਰ ਨੂੰ ਗੀਤਾ ਰਨ ਦਾ ਆਯੋਜਨ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਮਾਰੀਸ਼ਸ ਦੇ ਰਾਸ਼ਟਰਪਤੀ ਸ੍ਰੀ ਧਰਮਬੀਰ ਗੋਖੂਲ ਬ੍ਰਹਮਸਰੋਵਰ ’ਤੇ ਗੀਤਾ ਯੱਗ ਅਤੇ ਪੂਜਨ ਦੇ ਨਾਲ ਅੰਤਰਰਾਸ਼ਟਰੀ ਗੀਤਾ ਮਹੋਤਸਵ ਦਾ ਵਿਧੀਵਤ ਸ਼ੁਭ ਆਰੰਭ ਕਰਨਗੇ। ਇਸੇ ਦਿਨ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ ਅੰਤਰਰਾਸ਼ਟਰੀ ਗੀਤਾ ਸੰਗੋਸ਼ਠੀ ਦਾ ਸ਼ੁਭਾਰੰਭ ਹੋਵੇਗਾ। ਇਸ ਵਿੱਚ ਦੇਸ਼-ਵਿਦੇਸ਼ ਦੇ ਗੀਤਾ ਮਰਮੱਗ, ਵਿਦਵਾਨ ਅਤੇ ਖੋਜਾਰਥੀ ਆਨਲਾਈਨ ਮਾਧਿਅਮ ਰਾਹੀਂ ਵੀ ਆਪਣੇ ਖੋਜ-ਪੱਤਰ ਪੇਸ਼ ਕਰਨਗੇ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਰਾਹੀਂ 16 ਦੇਸ਼ਾਂ ਦੇ 20 ਵਿਦਵਾਨ ਇਸ ਸੰਗੋਸ਼ਠੀ ਵਿੱਚ ਹਿੱਸਾ ਲੈਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ 7 ਦਸੰਬਰ ਤੋਂ 13 ਦਸੰਬਰ ਤੱਕ ਗੀਤਾ ਗਿਆਨਮ ਸੰਸਥਾਨ ਵਿੱਚ ਕਥਾ ਕਰਵਾਈ ਜਾਵੇਗੀ। 13 ਦਸੰਬਰ ਨੂੰ ਕੁਰੂਕਸ਼ੇਤਰ ਮੇਲੇ ਵਿੱਚ ਸੰਤ ਸੰਮੇਲਨ ਕਰਵਾਇਆ ਜਾਵੇਗਾ, ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਸੰਤ ਗੀਤਾ ਅਤੇ ਅਧਿਆਤਮ ਵਿਸ਼ੇ ’ਤੇ ਚਰਚਾ ਕਰਨਗੇ। ਇਸੇ ਤਰ੍ਹਾਂ 18 ਅਤੇ 19 ਦਸੰਬਰ ਨੂੰ ਅਖਿਲ ਭਾਰਤੀ ਦੇਵਸਥਾਨਮ ਸੰਮੇਲਨ ਕਰਵਾਇਆ ਜਾਵੇਗਾ। ਇਸ ਵਿੱਚ ਭਾਰਤਵਰਸ਼ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਸਮੇਤ 20 ਤੋਂ ਵੱਧ ਦੇਸ਼ਾਂ ਦੇ ਸੰਤ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ 5 ਦਸੰਬਰ ਤੋਂ 25 ਦਸੰਬਰ ਤੱਕ ਬ੍ਰਹਮਸਰੋਵਰ ਦੇ ਪਵਿੱਤਰ ਕੰਢੇ ਸ਼ਾਨਦਾਰ ਭਜਨ ਸੰਧਿਆ ਅਤੇ ਗੀਤਾ ਮਹਾਆਰਤੀ ਕਰਵਾਈ ਜਾਵੇਗੀ। 10 ਦਸੰਬਰ ਤੋਂ 20 ਦਸੰਬਰ ਤੱਕ 48 ਕੋਸ ਕੁਰੂਕਸ਼ੇਤਰ ਭੂਮੀ ਦੇ ਤੀਰਥਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ। 14 ਦਸੰਬਰ ਤੋਂ 20 ਦਸੰਬਰ ਤੱਕ ਰੋਜ਼ਾਨਾ ਬ੍ਰਹਮਸਰੋਵਰ ਦੇ ਪੁਰਸ਼ੋਤਮਪੁਰਾ ਬਾਗ ਵਿੱਚ ਗੀਤਾ, ਮਹਾਭਾਰਤ ਅਤੇ ਸ੍ਰੀਕ੍ਰਿਸ਼ਨ ਵਿਸ਼ੇ ’ਤੇ ਆਧਾਰਿਤ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਹੋਣਗੇ।
ਉਨ੍ਹਾਂ ਕਿਹਾ ਕਿ ਗੀਤਾ ਜਯੰਤੀ ਦੇ ਮੌਕੇ ’ਤੇ 20 ਦਸੰਬਰ ਨੂੰ ਜੋਤੀਸਰ ਤੀਰਥ ’ਤੇ ਗੀਤਾ ਯੱਗ, ਗੀਤਾ ਪਾਠ ਅਤੇ ਭਾਗਵਤ ਕਥਾ ਕਰਵਾਈ ਜਾਵੇਗੀ। ਇਸੇ ਦਿਨ ਥੀਮ ਪਾਰਕ, ਕੁਰੂਕਸ਼ੇਤਰ ਵਿੱਚ 27 ਹਜ਼ਾਰ ਵਿਦਿਆਰਥੀਆਂ ਦੀ ਸਿੱਧੀ ਸ਼ਮੂਲੀਅਤ ਅਤੇ 1 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਆਨਲਾਈਨ ਜੁੜਾਅ ਨਾਲ ਗੀਤਾ ਦਾ ਵਿਸ਼ਵਵਿਆਪੀ ਪਾਠ ਕੀਤਾ ਜਾਵੇਗਾ। ਇਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਗੀਤਾ ਪ੍ਰੇਮੀ ਅਤੇ ਸ਼ਰਧਾਲੂ ਆਨਲਾਈਨ ਮਾਧਿਅਮ ਰਾਹੀਂ ਵੀ ਜੁੜਨਗੇ।