ਚੰਡੀਗੜ੍ਹ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਗੀਤਾ ਮਹਾਂ ਉਤਸਵ ਦੇ ਮੌਕੇ ’ਤੇ 22 ਨਵੰਬਰ ਤੋਂ 4 ਦਸੰਬਰ ਤੱਕ ਆਨਲਾਈਨ ਗੀਤਾ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਜਾਵੇਗਾ। ਇਸ ਵਿੱਚ ਵਿਦਿਆਰਥੀਆਂ ਸਮੇਤ ਆਮ ਲੋਕ ਵੀ ਹਿੱਸਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ 17 ਤੋਂ 19 ਦਸੰਬਰ ਤੱਕ ਸੰਨਿਹਿਤ ਸਰੋਵਰ ਅਤੇ ਬ੍ਰਹਮਸਰੋਵਰ ’ਤੇ ਵਿਦਿਆਰਥੀਆਂ ਲਈ ਗੀਤਾ ਸ਼ਲੋਕੋਚਾਰਨ, ਭਾਸ਼ਣ, ਲੇਖ ਲਿਖਣ, ਚਿੱਤਰਕਲਾ, ਰੰਗੋਲੀ ਅਤੇ ਕਰਾਫਟ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ।
ਇਸ ਤੋਂ ਇਲਾਵਾ, ਹਰ ਸਾਲ ਵਾਂਗ ਇਸ ਸਾਲ ਵੀ ਬ੍ਰਹਮਸਰੋਵਰ ’ਤੇ 14 ਦਸੰਬਰ ਤੋਂ 25 ਦਸੰਬਰ ਤੱਕ ਗੀਤਾ ਪੁਸਤਕ ਮੇਲਾ ਕਰਵਾਇਆ ਜਾਵੇਗਾ, ਜਿਸ ਵਿੱਚ ਦੇਸ਼ ਦੇ ਪ੍ਰਮੁੱਖ ਪ੍ਰਕਾਸ਼ਕ ਸ਼ਾਮਲ ਹੋਣਗੇ। ਪੁਰਸ਼ੋਤਮਪੁਰਾ ਬਾਗ ਵਿੱਚ 14 ਦਸੰਬਰ ਤੋਂ 25 ਦਸੰਬਰ ਤੱਕ ਹਰਿਆਣਾ ਦੇ ਵਿਕਾਸ ਅਤੇ ਤਰੱਕੀ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਇਨ੍ਹਾਂ ਵਿੱਚ ਸਰਕਾਰ ਦੀਆਂ ਵੱਖ-ਵੱਖ ਲੋਕ-ਭਲਾਈ ਯੋਜਨਾਵਾਂ ਅਤੇ ਖੇਤਰ ਵਿਸ਼ੇਸ਼ ਵਿੱਚ ਹੋਏ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਵਿੱਦਿਅਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੀ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਮਹੋਤਸਵ ਵਿੱਚ 18 ਤੋਂ ਵੱਧ ਦੇਸ਼ਾਂ ਦੇ 60 ਸ਼ਿਲਪਕਾਰ ਆਪਣੀ ਸ਼ਿਲਪਕਲਾ ਦਾ ਪ੍ਰਦਰਸ਼ਨ ਕਰਨਗੇ। ਵੱਖ-ਵੱਖ ਭਾਸ਼ਾਵਾਂ ਵਿੱਚ ਗੀਤਾ ਦੇ ਸੰਸਕਰਣਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਮਹੋਤਸਵ ਵਿੱਚ ਹਰਿਆਣਾ ਦੇ ਸੱਭਿਆਚਾਰ, ਸ਼ਿਲਪ ਅਤੇ ਖਾਣ-ਪੀਣ ਨਾਲ ਸਬੰਧਤ ਹਰਿਆਣਾ ਪੈਵੇਲੀਅਨ ਵੀ ਬਣਾਇਆ ਜਾਵੇਗਾ। ਇਸ ਰਾਹੀਂ ਸੈਲਾਨੀ ਅਤੇ ਤੀਰਥਯਾਤਰੀ ਸੂਬੇ ਦੇ ਅਮੀਰ ਸੱਭਿਆਚਾਰ ਤੋਂ ਜਾਣੂ ਹੋਣਗੇ। ਇਸ ਤੋਂ ਇਲਾਵਾ 22 ਦਸੰਬਰ ਨੂੰ ’ਬਲਰਾਮ’ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ।