ਨਵੀਂ ਦਿੱਲੀ : ਅਫਗਾਨਿਸਤਾਨ, ਪਾਕਿਸਤਾਨ ਅਤੇ ਦੁਬਈ ਤੋਂ ਚੱਲਣ ਵਾਲੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਬਾਰੇ ’ਇਨਫੋਰਸਮੈਂਟ ਡਾਇਰੈਕਟੋਰੇਟ’ (ਈ.ਡੀ.) ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਗ਼ੈਰ-ਕਾਨੂੰਨੀ ਵਿਕਰੀ ਤੋਂ ਪ੍ਰਾਪਤ 74 ਕਰੋੜ ਰੁਪਏ ਦੀ ਰਕਮ ’ਹਵਾਲਾ’ ਜ਼ਰੀਏ ਅਫਗਾਨਿਸਤਾਨ ਭੇਜੀ ਗਈ ਸੀ ਅਤੇ ਕਥਿਤ ਤੌਰ ’ਤੇ ਇਸ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਵਜੋਂ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੀਆਂ ਕਈ ਗਤੀਵਿਧੀਆਂ ਰਾਹੀਂ ਕੁੱਲ 89 ਕਰੋੜ ਰੁਪਏ ਦੀ ਅਪਰਾਧ ਦੀ ਕਮਾਈ ਪੈਦਾ ਦੀ ਵੀ ਸੂਹ ਲੱਗੀ ਹੈ ਜਿਸ ਵਿੱਚ ਤਸਕਰੀ, ਨਸ਼ੀਲੇ ਪਦਾਰਥਾਂ ਦੀ ਵੰਡ ਅਤੇ ਹਵਾਲਾ ਕਾਰਜ ਸ਼ਾਮਲ ਹਨ। ਜਾਂਚ ਵਿੱਚ ਗ਼ੈਰ ਰਸਮੀ ਵਿੱਤੀ ਲੈਣ ਦੇਣ ਖ਼ਾਸ ਕਰ ਕੇ ਹਵਾਲਾ ਨੈਟਵਰਕਾਂ ਰਾਹੀਂ ਭਾਰਤ ਤੋਂ ਬਾਹਰ ਅਜਿਹੀ ਕਮਾਈ ਭੇਜਣ ਅਤੇ ਨਸ਼ੀਲੇ ਪਦਾਰਥਾਂ ਤੋਂ ਤਿਆਰ ਫ਼ੰਡਾਂ ਦੇ ਲੈਣ ਦੇਣ ਬਾਰੇ ਏਜੰਸੀ ਜਾਂਚ ਕਰ ਰਹੀ ਹੈ।