ਟੈਕਸ ਚੋਰੀ ਵਿਰੁੱਧ ਜ਼ੀਰੋ-ਟੋਲਰੈਂਸ: ਪੰਜਾਬ ਆਬਕਾਰੀ ਤੇ ਕਰ ਵਿਭਾਗ ਵੱਲੋਂ ਸੂਬੇ ਭਰ ਵਿੱਚ ਛਾਪੇਮਾਰੀ ਦੌਰਾਨ 152 ਵਾਹਨ ਜ਼ਬਤ: ਚੀਮਾ
ਮਾਲੀਏ ਦੇ ਨੁਕਸਾਨ ਨੂੰ ਮੁੱਢੋਂ ਰੋਕਣ ਲਈ ਉਦਯੋਗਿਕ ਮਾਰਗਾਂ 'ਤੇ ਰਹੇਗੀ ਬਾਜ਼ ਨਜ਼ਰ: ਚੀਮਾ
ਬੀਤੇ ਹਫ਼ਤੇ ਦੀ ਮੁਹਿੰਮ ਦੌਰਾਨ 91 ਵਾਹਨਾਂ ਤੋਂ 3.25 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ, ਬਾਕੀ ਮਾਮਲਿਆਂ ਦੀ ਪੜਤਾਲ ਜਾਰੀ: ਚੀਮਾ
ਚੰਡੀਗੜ੍ਹ : ਟੈਕਸ ਚੋਰਾਂ 'ਤੇ ਸ਼ਿਕੰਜਾ ਕੱਸਦਿਆਂ ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਨੇ ਇਕ ਵਾਰ ਫਿਰ ਸਖ਼ਤ ਕਾਰਵਾਈ ਕਰਦਿਆਂ 4.5 ਕਰੋੜ ਰੁਪਏ ਦੇ ਵੱਡੇ ਮੁੱਲ ਵਾਲੇ ਸਾਮਾਨ ਨਾਲ ਲੱਦੇ 152 ਵਾਹਨਾਂ ਨੂੰ ਕਾਬੂ ਕੀਤਾ ਹੈ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ, "ਸੂਬੇ ਭਰ ਵਿੱਚ ਕੀਤੀ ਗਈ ਇਸ ਵਿਆਪਕ ਛਾਪੇਮਾਰੀ ਦੌਰਾਨ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਦੇ ਵਿਅਸਤ ਉਦਯੋਗਿਕ ਮਾਰਗਾਂ 'ਤੇ ਬਾਜ਼ ਨਜ਼ਰ ਰੱਖੀ ਗਈ, ਜੋ ਮਾਲੀਏ ਦੇ ਨੁਕਸਾਨ ਪ੍ਰਤੀ ਸਖ਼ਤ ਅਤੇ ਜ਼ੀਰੋ-ਟੋਲਰੈਂਸ ਪਹੁੰਚ ਦਾ ਸੰਕੇਤ ਦਿੰਦੀ ਹੈ।" ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਇੱਥੇ ਹੀ ਨਹੀਂ ਰੁਕ ਰਹੀ ਅਤੇ ਇਹ ਤਾਜ਼ਾ ਕਾਰਵਾਈ ਪਿਛਲੇ ਹਫ਼ਤੇ ਦੀ ਉਸ ਵੱਡੀ ਮੁਹਿੰਮ ਤੋਂ ਤੁਰੰਤ ਬਾਅਦ ਕੀਤੀ ਗਈ ਹੈ ਜਿਸ ਵਿੱਚ ਜੀ.ਐਸ.ਟੀ. ਨਿਯਮਾਂ ਦੀ ਉਲੰਘਣਾ ਕਰਨ ਵਾਲੇ 170 ਵਪਾਰਕ ਵਾਹਨਾਂ ਨੂੰ ਰੋਕਿਆ ਗਿਆ ਸੀ। ਪਿਛਲੀ ਮੁਹਿੰਮ 'ਤੇ ਚਾਨਣਾ ਪਾਉਂਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ, "ਵਿਭਾਗ ਪਹਿਲਾਂ ਹੀ ਚੋਰੀ ਫੜਨ ਤੋਂ ਲੈ ਕੇ ਕਾਰਵਾਈ ਕਰਨ ਤੱਕ ਤੇਜ਼ੀ ਨਾਲ ਅੱਗੇ ਵਧਿਆ ਹੈ। ਇਨ੍ਹਾਂ ਵਿੱਚੋਂ 91 ਵਾਹਨਾਂ ਦੀ ਬਾਰੀਕੀ ਨਾਲ ਪੜਤਾਲ ਮੁਕੰਮਲ ਹੋਣ ਦੇ ਨਾਲ, ਸਰਕਾਰੀ ਖਜ਼ਾਨੇ ਨੇ 3.25 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਸਫਲਤਾਪੂਰਵਕ ਵਸੂਲ ਲਿਆ ਹੈ। ਬਾਕੀ ਮਾਮਲੇ ਫਿਲਹਾਲ ਬਾਰੀਕੀ ਨਾਲ ਵਿਚਾਰੇ ਜਾ ਰਹੇ ਹਨ ਅਤੇ ਕਾਨੂੰਨੀ ਤੌਰ 'ਤੇ ਤਰਕਪੂਰਨ ਸਿੱਟੇ ਵੱਲ ਤੇਜ਼ੀ ਨਾਲ ਵੱਧ ਰਹੇ ਹਨ।" ਵਿੱਤ ਮੰਤਰੀ ਚੀਮਾ ਨੇ ਕਿਹਾ, "3.25 ਕਰੋੜ ਰੁਪਏ ਦੀ ਇਹ ਤੇਜ਼ ਵਸੂਲੀ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਸਾਡੀਆਂ ਇਨਫੋਰਸਮੈਂਟ ਟੀਮਾਂ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀਆਂ ਹਨ ਅਤੇ ਆਪਣੀਆਂ ਮੁਹਿੰਮਾਂ ਨੂੰ ਠੋਸ ਕਾਰਵਾਈਆਂ ਨਾਲ ਨੇਪਰੇ ਚਾੜ੍ਹ ਰਹੀਆਂ ਹਨ।" ਉਨ੍ਹਾਂ ਸਪੱਸ਼ਟ ਸੰਦੇਸ਼ ਦਿੰਦਿਆਂ ਕਿਹਾ, "ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਨਿਕਲਣ ਦੀ ਕੋਸ਼ਿਸ਼ ਕਰਨ ਵਾਲੇ ਹਰ ਵਿਅਕਤੀ ਨੂੰ ਕਾਬੂ ਕੀਤਾ ਜਾਵੇਗਾ ਅਤੇ ਉਸ ਖਿਲਾਫ਼ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।"