ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ 100 ਤੋਂ ਵਧੇਰੇ ਵੰਡੀਆਂ ਖੇਡ ਕਿੱਟਾਂ
ਨਸ਼ਾ ਮੁਕਤੀ ਮਿੱਤਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ
ਮਲੋਟ/ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਸੁਚੱਜੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ਨਸ਼ਾ ਮੁਕਤ ਮੁਹਿੰਮ ਤਹਿਤ ਅੱਜ ਮਲੋਟ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਹਮੇਸ਼ਾ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਸਰਹੱਦਾਂ ਦੀ ਰਾਖੀ ਤੋਂ ਲੈ ਕੇ ਖੇਡਾਂ, ਖੇਤੀਬਾੜੀ ਅਤੇ ਹਰ ਖੇਤਰ ਵਿੱਚ ਪੰਜਾਬੀ ਨੌਜਵਾਨਾਂ ਦੀ ਮਿਹਨਤ ਅਤੇ ਹਿੰਮਤ ਮਿਸਾਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਇਹੀ ਜਜ਼ਬਾ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਵੀ ਦਿਖਾਇਆ ਜਾਵੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦਾ ਕੋਈ ਸਾਥੀ ਗਲਤ ਰਾਹ ਵੱਲ ਵੱਧ ਰਿਹਾ ਹੈ ਤਾਂ ਉਸਨੂੰ ਇਕੱਲਾ ਨਾ ਛੱਡਿਆ ਜਾਵੇ, ਸਗੋਂ ਪਿਆਰ ਅਤੇ ਹੌਸਲੇ ਨਾਲ ਸਹੀ ਦਿਸ਼ਾ ਵੱਲ ਲਿਆਂਦਾ ਜਾਵੇ। ਉਨ੍ਹਾਂ ਮਾਪਿਆਂ, ਅਧਿਆਪਕਾਂ, ਪੰਚਾਇਤਾਂ, ਯੂਥ ਕਲੱਬਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਤਕਰੀਬਨ 3000 ਖੇਡ ਗਰਾਉਂਡਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਗਰਾਊਂਡ ਬਣ ਕੇ ਤਿਆਰ ਵੀ ਹੋ ਗਏ ਹਨ, ਇਸ ਤੋਂ ਇਲਾਵਾ ਪਿੰਡਾਂ ਵਿੱਚ ‘ਮੁੱਖ ਮੰਤਰੀ ਜਿੰਮ’ ਮੁਹਿੰਮ ਅਧੀਨ ਜਿੰਮਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਮੁਹਿੰਮ ਤਹਿਤ ਨੌਜਾਵਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਉਹ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚ ਸਕਣ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਮਲੋਟ ਦੇ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਵਾਰਡਾਂ ਨੂੰ ਹਾਕੀ, ਫੁੱਟਬਾਲ, ਵਾਲੀਬਾਲ, ਕ੍ਰਿਕਟ ਦੀਆਂ 100 ਤੋਂ ਵਧੇਰੇ ਖੇਡ ਕਿੱਟਾਂ ਵੀ ਵੰਡੀਆਂ ਗਈਆਂ ਅਤੇ ਆਂਗਣਵਾੜੀ ਵਰਕਰਾਂ ਜੋ ਕਿ ਨਸ਼ਿਆਂ ਨੂੰ ਰੋਕਣ ਲਈ ‘ਨਸ਼ਾ ਮੁਕਤੀ ਮਿੱਤਰ’ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਕੈਬਨਿਟ ਮੰਤਰੀ ਨੇ ਸਮਾਗਮ ਵਿੱਚ ਸ਼ਾਮਲ ਨੌਜਵਾਨਾਂ, ਯੁੱਧ ਕਲੱਬਾਂ, ਖਿਡਾਰੀਆਂ ਅਤੇ ਪਤਵੰਤੇ ਵਿਅਕਤੀਆਂ ਨੂੰ ਨਸ਼ਾ ਵਿਰੋਧੀ ਸਹੁੰ ਵੀ ਚੁਕਵਾਈ।