ਜਨਗਣਨਾ ਲਈ ਵਿਆਪਕ ਰੂਪ-ਰੇਖਾ ’ਤੇ ਚਰਚਾ; ਮੁੱਖ ਸਕੱਤਰ ਨੇ ਸਾਂਝੀ ਜ਼ਿੰਮੇਵਾਰੀ, ਸਹੀ ਕਵਰੇਜ ਅਤੇ ਸਮੇਂ ਸਿਰ ਅਮਲ ’ਤੇ ਦਿੱਤਾ ਜ਼ੋਰ
ਚੰਡੀਗੜ੍ਹ : ਜਨਗਣਨਾ -2027 ਦੇ ਦੂਜੇ ਪੜਾਅ ਸਬੰਧੀ ਤਿਆਰੀਆਂ ਅਤੇ ਕਾਰਜ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਦੀ ਪ੍ਰਧਾਨਗੀ ਹੇਠ ਪ੍ਰਮੁੱਖ ਜਨਗਣਨਾ ਅਧਿਕਾਰੀਆਂ (ਪੀ.ਸੀ.ਓਜ਼) ਲਈ ਇੱਕ-ਰੋਜ਼ਾ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਵਿੱਚ ਸੂਬਾ ਪੱਧਰੀ ਜਨਗਣਨਾ ਤਾਲਮੇਲ ਕਮੇਟੀ (ਐਸ.ਐਲ.ਸੀ.ਸੀ.ਸੀ.) ਦੇ ਮੈਂਬਰਾਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਸਾਰੇ ਪ੍ਰਮੁੱਖ ਜਨਗਣਨਾ ਅਧਿਕਾਰੀਆਂ, ਜਿਨ੍ਹਾਂ ਵਿੱਚ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮਾਂ ਦੇ ਕਮਿਸ਼ਨਰ ਸ਼ਾਮਲ ਸਨ, ਨੇ ਹਿੱਸਾ ਲਿਆ। ਮੀਟਿੰਗ ਦੇ ਸ਼ੁਰੂ ਵਿੱਚ, ਪੰਜਾਬ ਦੇ ਜਨਗਣਨਾ ਕਾਰਜਾਂ ਦੀ ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਮੁੱਖ ਸਕੱਤਰ, ਐਸ.ਐਲ.ਸੀ.ਸੀ.ਸੀ. ਦੇ ਮੈਂਬਰਾਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਸਾਰੇ ਪ੍ਰਮੁੱਖ ਜਨਗਣਨਾ ਅਧਿਕਾਰੀਆਂ ਦਾ ਸਵਾਗਤ ਕੀਤਾ। ਇਸ ਕਾਨਫਰੰਸ ਵਿੱਚ ਜਨਗਣਨਾ 2027 ਦੇ ਦੂਜੇ ਪੜਾਅ ਦੇ ਮੁੱਖ ਪਹਿਲੂਆਂ ਬਾਰੇ ਵਿਆਪਕ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਆਬਾਦੀ ਦੀ ਗਣਨਾ ਲਈ ਤਿਆਰੀ, ਗਣਨਾ ਬਲਾਕ (ਈ.ਬੀ.) ਦੀ ਅੰਤਿਮ ਰੂਪ-ਰੇਖਾ, ਮਨੁੱਖੀ ਸਰੋਤਾਂ ਦੀ ਯੋਜਨਾਬੰਦੀ, ਸਿਖਲਾਈ ਅਤੇ ਤਾਇਨਾਤੀ, ਪੀ.ਈ. ਪ੍ਰਸ਼ਨਾਵਲੀ, ਡਿਜੀਟਲ ਸਾਧਨ, ਸਵੈ-ਗਿਣਤੀ, ਮੀਡੀਆ ਅਤੇ ਪ੍ਰਚਾਰ, ਖੇਤਰੀ ਪੱਧਰ ’ਤੇ ਤਿਆਰੀ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਸ਼ਾਮਲ ਸਨ। ਡਾਇਰੈਕਟਰ ਜਨਗਣਨਾ ਸੰਚਾਲਨ ਵੱਲੋਂ ਪੜਾਅ-2 ਦੀ ਤਿਆਰੀ, ਈ.ਬੀ. ਨੂੰ ਅੰਤਿਮ ਰੂਪ ਦੇਣ, ਐਚ.ਆਰ. ਯੋਜਨਾਬੰਦੀ ਅਤੇ ਸਿਖਲਾਈ ਬਾਰੇ: ਜਨਗਣਨਾ ਸੰਚਾਲਨ, ਪੰਜਾਬ ਦੇ ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਭਾਗ ਲੈਣ ਵਾਲਿਆਂ ਨੂੰ ਜਨਗਣਨਾ 2027 ਦੇ ਪੜਾਅ-2 ਲਈ ਸਮਾਂ-ਸਾਰਣੀ ਅਤੇ ਮੁੱਖ ਸੰਚਾਲਨ ਲੋੜਾਂ ਤੋਂ ਜਾਣੂ ਕਰਵਾਇਆ। ਡਾਇਰੈਕਟਰ, ਜਨਗਣਨਾ ਨੇ ਜਨਗਣਨਾ- 2027 ਦੇ ਮੁੱਖ ਤਕਨੀਕੀ ਅਤੇ ਸੰਚਾਲਨ ਪਹਿਲੂਆਂ ’ਤੇ ਇੱਕ ਵਿਸਥਾਰਿਤ ਪੇਸ਼ਕਾਰੀ ਵੀ ਦਿੱਤੀ, ਜਿਸ ਵਿੱਚ ਪੜਾਅ-2 ਦੀ ਸੰਖੇਪ ਜਾਣਕਾਰੀ, ਗਿਣਤੀ ਬਲਾਕ (ਈਬੀ) ਦਾ ਗਠਨ, ਮਨੁੱਖੀ ਸਰੋਤ ਯੋਜਨਾਬੰਦੀ ਅਤੇ ਤਰਕਸੰਗਤੀਕਰਨ, ਸਿਖਲਾਈ ਪ੍ਰਕਿਰਿਆ, ਸਵੈ-ਗਣਨਾ, ਡਿਜੀਟਲ ਸਾਧਨ, ਬਜਟ ਅਤੇ ਮੀਡੀਆ ਤੇ ਪ੍ਰਚਾਰ ਸ਼ਾਮਲ ਸਨ। ਕਾਨਫਰੰਸ ਨੇ ਪੰਜਾਬ ਵਿੱਚ ਜਨਗਣਨਾ 2027 ਦੇ ਦੂਜੇ ਪੜਾਅ ਨੂੰ ਸੁਚਾਰੂ, ਸਮੇਂ ਸਿਰ, ਸਹੀ ਅਤੇ ਵਿਆਪਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਭਾਈਵਾਲਾਂ ਦੀ ਸਮੂਹਿਕ ਵਚਨਬੱਧਤਾ ਨੂੰ ਮੁੜ ਦੁਹਰਾਇਆ।