ਮੁਹਾਲੀ : ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀਆਂ ਅੱਜ ਪਈਆਂ ਵੋਟਾਂ ਵਿਚ ਐਡਵੋਕੇਟ ਰਣਜੋਧ ਸਿੰਘ ਸਰਾਓ ਪ੍ਰਧਾਨ ਚੁਣੇ ਗਏ ਹਨ। ਤਿਕੋਣੇ ਮੁਕਾਬਲੇ ਵਿਚ ਸ੍ਰੀ ਸਰਾਓ ਨੂੰ 246, ਐਡਵੋਕੇਟ ਗੁਰਵਿੰਦਰ ਸਿੰਘ ਔਲਖ ਨੂੰ 200 ਅਤੇ ਸੁਨੀਲ ਕੁਮਾਰ ਪ੍ਰਾਸ਼ਰ ਨੂੰ 191 ਵੋਟਾਂ ਪਈਆਂ। ਐਡਵੋਕੇਟ ਸਰਾਓ ਨੇ 46 ਵੋਟਾਂ ਨਾਲ ਆਪਣੀ ਜਿੱਤ ਦਰਜ ਕੀਤੀ। ਚੋਣ ਕਮੇਟੀ ਦੇ ਰਿਟਰਨਿੰਗ ਅਫ਼ਸਰ ਐਡਵੋਕੇਟ ਬਿਕਰਮਜੀਤ ਪਾਸੀ ਦੀ ਦੇਖ-ਰੇਖ ਵੋਟਾਂ ਦਾ ਅਮਲ ਸਾਂਤੀਪੂਰਨ ਢੰਗ ਨਾਲ ਸਮਾਪਤ ਹੋਇਆ। ਐਸੋਸੀਏਸ਼ਨ ਦੀ ਚੋਣ ਵਿਚ 638 ਵਕੀਲਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਐਡਵੋਕੇਟ ਪਾਸੀ ਨੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਤ ਪ੍ਰਧਾਨ ਜਨਰਲ ਦੇ ਤਿੰਨ ਉਮੀਦਵਾਰਾਂ ਵਿਚੋਂ ਦਲਜੀਤ ਸਿੰਘ ਪੂਨੀਆ ਨੂੰ 304, ਗੁਰਦੀਪ ਸਿੰਘ ਨੂੰ 256 ਅਤੇ ਅਮਰਜੀਤ ਸਿੰਘ ਨੂੰ 72 ਵੋਟਾਂ ਪਈਆਂ ਅਤੇ ਸ੍ਰੀ ਪੂਨੀਆ 48 ਵੋਟਾਂ ਨਾਲ ਜੇਤੂ ਰਹੇ। ਮੀਤ ਪ੍ਰਧਾਨ ਮਹਿਲਾ ਦੇ ਰਾਖਵੇਂ ਅਹੁਦੇ ਲਈ ਐਡਵੋਕੇਟ ਕੁਲਵਿੰਦਰ ਕੌਰ ਨੇ 366 ਵੋਟਾਂ ਹਾਸਿਲ ਕਰ ਕੇ ਅਨੂੰ ਕੌਸ਼ਲ (266 ਵੋਟਾਂ) ਨੂੰ 100 ਵੋਟਾਂ ਨਾਲ ਹਰਾਇਆ। ਸਕੱਤਰ ਦੇ ਅਹੁਦੇ ਲਈ ਤਿਕੋਣੇ ਮੁਕਾਬਲੇ ਵਿਚ ਹਰਪ੍ਰੀਤ ਸਿੰਘ ਨੇ 298 ਵੋਟਾਂ ਲੈ ਕੇ ਜਸਵਿੰਦਰ ਸਿੰਘ (236 ਵੋਟਾਂ) ਨੂੰ 62 ਵੋਟਾਂ ਨਾਲ ਹਰਾਇਆ। ਸੰਯੁਕਤ ਸਕੱਤਰ ਮਹਿਲਾ ਰਾਖਵੇਂ ਵਿਚ ਮਨਪ੍ਰੀਤ ਕੌਰ ਨੇ 317 ਵੋਟਾਂ ਹਾਸਿਲ ਕਰਕੇ ਸਿਰਫ਼ ਇੱਕ ਵੋਟ ਦੇ ਫਰਕ ਨਾਲ ਜਿੱਤ ਦਰਜ ਕੀਤੀ ਅਤੇ ਉਨ੍ਹਾਂ ਹਰਪ੍ਰੀਤ ਕੌਰ ਚੌਹਾਨ (316 ਵੋਟਾਂ) ਨੂੰ ਹਰਾਇਆ। ਖਜ਼ਾਨਚੀ ਦੇ ਅਹੁਦੇ ਲਈ ਪ੍ਰਭਪ੍ਰੀਤ ਸਿੰਘ ਨੇ 396 ਵੋਟਾਂ ਹਾਸਿਲ ਕਰਕੇ ਸਭ ਤੋਂ ਵੱਧ 165 ਵੋਟਾਂ ਦੇ ਫਰਕ ਨਾਲ ਸੌਰਭ ਗੋਇਲ (231 ਵੋਟਾਂ) ਨੂੰ ਹਰਾਇਆ। ਲਾਇਬ੍ਰੇਰੀ ਇੰਚਾਰਜ ਦੇ ਤਿਕੋਣੇ ਮੁਕਾਬਲੇ ਵਿਚ ਵੀਰ ਦਵਿੰਦਰ ਸਿੰਘ 316 ਵੋਟਾਂ ਲੈ ਕੇ ਜੇਤੂ ਰਿਹਾ। ਕੇਹਰ ਸਿੰਘ ਨੂੰ 179 ਅਤੇ ਰਹੀਸ਼ ਆਜ਼ਾਦ ਨੂੰ 139 ਵੋਟਾਂ ਪਈਆਂ। ਨਵੇਂ ਬਣੇ ਪ੍ਰਧਾਨ ਰਣਜੋਧ ਸਿੰਘ ਸਰਾਓ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਵਕੀਲਾਂ ਦੀ ਭਲਾਈ ਲਈ ਕਾਰਜਸ਼ੀਲ ਰਹਿਣ ਦਾ ਅਹਿਦ ਲਿਆ।